28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੀ.ਸੀ.ਐਸ. ਸ਼ੁਰੂਆਤੀ ਪ੍ਰੀਖਿਆ ਵਿਵਾਦ 'ਤੇ ਪਟੀਸ਼ਨਾਂ ਖਾਰਜ, ਮੁੱਖ ਪ੍ਰੀਖਿਆ ਦਾ ਰਾਹ ਹੋਇਆ ਸਾਫ਼ <br/>

ਅਜੀਤ ਡੈਸਕ 02-04-2026
ਚੰਡੀਗੜ੍ਹ, 1 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਭਰਤੀ ਪ੍ਰਕਿਰਿਆ ਨਾਲ ਜੁੜੇ ਬਹੁਚਰਚਿਤ ਵਿਵਾਦ 'ਤੇ ਅਹਿਮ ਫ਼ੈਸਲਾ ਸੁਣਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੁਰੂਆਤੀ ਪ੍ਰੀਖਿਆ-2025 ਦੀ ਸੋਧੀ ਉੱਤਰ ਕੁੰਜੀ ਅਤੇ ਨਤੀਜੇ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ | ਇਸ ਨਾਲ 1 ਤੋਂ 10 ਅਪ੍ਰੈਲ ਤੱਕ ਹੋਣ ਵਾਲੀ ਮੁੱਖ ਪ੍ਰੀਖਿਆ ਕਰਵਾਉਣ ਦਾ ਰਾਹ ਪੂਰੀ ਤਰ੍ਹਾਂ ਸਾਫ ਹੋ ਗਿਆ ਹੈ | ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਨਮਿਤ ਕੁਮਾਰ ਨੇ ਸਪੱਸ਼ਟ ਟਿੱਪਣੀ ਕੀਤੀ ਕਿ ਪਟੀਸ਼ਨਕਰਤਾਵਾਂ ਨੇ ਬਿਨਾਂ ਕਿਸੇ ਢੁਕਵੇਂ ਕਾਰਨ ਦੇ ਕਾਫ਼ੀ ਦੇਰੀ ਨਾਲ ਅਦਾਲਤ ਦਾ ਦਰਵਾਜ਼ਾ ਖਟਖਟਾਇਆ | ਜਦੋਂ ਮੁੱਖ ਪ੍ਰੀਖਿਆ ਪਹਿਲਾਂ ਹੀ ਨਿਰਧਾਰਿਤ ਸੀ ਤਾਂ ਇਸ ਤਰ੍ਹਾਂ ਦੀਆਂ ਪਟੀਸ਼ਨਾਂ 'ਤੇ ਦਖਲ ਅੰਦਾਜ਼ੀ ਕਰਨਾ ਉਚਿਤ ਨਹੀਂ ਮੰਨਿਆ ਜਾ ਸਕਦਾ | ਇਹ ਮਾਮਲਾ ਕੁੱਲ 23 ਪਟੀਸ਼ਨਾਂ ਨਾਲ ਸੰਬੰਧਿਤ ਸੀ, ਜਿਨ੍ਹਾਂ 'ਚ ਮੁੱਖ ਤੌਰ 'ਤੇ ਕਰਨਬੀਰ ਸਿੰਘ ਸਮੇਤ ਹੋਰ ਉਮੀਦਵਾਰਾਂ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ ਜਾਰੀ ਕੀਤੀ ਸੋਧੀ ਉੱਤਰ ਕੁੰਜੀ ਨੂੰ ਚੁਣੌਤੀ ਦਿੱਤੀ ਸੀ | ਇਨ੍ਹਾਂ ਉਮੀਦਵਾਰਾਂ ਦਾ ਕਹਿਣਾ ਸੀ ਕਿ ਜਨਰਲ ਸਟੱਡੀਜ਼ (ਪੇਪਰ-9) ਅਤੇ ਸੀ.ਐਸ.ਏ.ਟੀ. (ਪੇਪਰ-99) ਵਿਚ ਕਈ ਸਵਾਲ ਅਸਪੱਸ਼ਟ ਸਨ ਜਾਂ ਉਨ੍ਹਾਂ ਦੇ ਜਵਾਬ ਗਲਤ ਨਿਰਧਾਰਿਤ ਕੀਤੇ ਗਏ, ਜਿਸ ਕਾਰਨ ਉਹ ਕਟ-ਆਫ ਤੋਂ ਸਿਰਫ਼ 2 ਤੋਂ 4 ਅੰਕ ਘੱਟ ਰਹਿ ਗਏ | ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਕਿ ਪਟੀਸ਼ਨਕਰਤਾਵਾਂ ਵਲੋਂ ਉਠਾਏ ਗਏ ਸਾਰੇ ਵਿਵਾਦਿਤ ਸਵਾਲਾਂ ਦੀ ਸਮੀਖਿਆ ਪਹਿਲਾਂ ਹੀ ਮਾਹਿਰ ਕਮੇਟੀਆਂ ਵਲੋਂ ਕੀਤੀ ਜਾ ਚੁੱਕੀ ਹੈ | ਅਦਾਲਤ ਨੇ ਇਹ ਵੀ ਮੰਨਿਆ ਕਿ ਸਾਰੇ ਉਮੀਦਵਾਰਾਂ ਨੂੰ ਇੱਕਸਾਰ ਤੌਰ 'ਤੇ ਚਾਰ ਸਵਾਲਾਂ ਲਈ 10 ਵਾਧੂ ਅੰਕ ਦਿੱਤੇ ਗਏ, ਜਿਸ ਨਾਲ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਇਆ | ਇਸ ਲਈ ਉੱਤਰ ਕੁੰਜੀ ਵਿਚ ਦਖਲ ਦੇਣ ਦਾ ਕੋਈ ਜਾਇਜ਼ ਕਾਰਨ ਨਹੀਂ ਬਣਦਾ | ਜਸਟਿਸ ਨਮਿਤ ਕੁਮਾਰ ਨੇ ਆਪਣੇ ਹੁਕਮ 'ਚ ਇਹ ਵੀ ਕਿਹਾ ਕਿ ਅਕਾਦਮਿਕ ਮਾਮਲਿਆਂ ਵਿਚ ਅਦਾਲਤ ਦਾ ਦਖਲ ਬਹੁਤ ਸੀਮਿਤ ਹੁੰਦਾ ਹੈ ਅਤੇ ਮਾਹਿਰਾਂ ਦੀ ਰਾਇ ਨੂੰ ਤਰਜੀਹ ਦਿੱਤੀ ਜਾਂਦੀ ਹੈ | ਹਾਈਕੋਰਟ ਨੇ ਇਹ ਨਤੀਜਾ ਕੱਢਿਆ ਕਿ ਇਸ ਪੱਧਰ 'ਤੇ ਦਖਲ ਕਰਨਾ ਨਾ ਸਿਰਫ਼ ਪ੍ਰਕਿਰਿਆ ਵਿਚ ਰੁਕਾਵਟ ਪੈਦਾ ਕਰੇਗਾ, ਸਗੋਂ ਹਜ਼ਾਰਾਂ ਉਮੀਦਵਾਰਾਂ ਦੇ ਹਿਤਾਂ 'ਤੇ ਵੀ ਨਕਾਰਾਤਮਕ ਅਸਰ ਪਾਏਗਾ | ਇਸ ਫੈਸਲੇ ਨਾਲ ਹੁਣ ਪੀ.ਸੀ.ਐਸ. ਮੁੱਖ ਪ੍ਰੀਖਿਆ ਨਿਰਧਾਰਤ ਕਾਰਜਕ੍ਰਮ ਅਨੁਸਾਰ ਕਰਵਾਈ ਜਾਵੇਗੀ ਤੇ ਭਰਤੀ ਪ੍ਰਕਿਰਿਆ ਅੱਗੇ ਵਧੇਗੀ |

ਪਿਛਲੀ ਖ਼ਬਰ ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਨਿਯੁਕਤ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬਕਾਇਆ ਆਰ.ਸੀ. ਤੇ ਡਰਾਈਵਿੰਗ ਲਾਇਸੰਸ ਅਰਜ਼ੀਆਂ ਦੇ ਸਮਾਂਬੱਧ ਨਿਪਟਾਰੇ ਦੇ ਨਿਰਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।