20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਭਾਰਤ ਨੂੰ ਰੂਸੀ ਤੇਲ ਖ਼ਰੀਦਣਾ ਚਾਹੀਦਾ ਹੈ-ਅਮਰੀਕਾ <br/>

ਅਜੀਤ ਡੈਸਕ 10-03-2026
ਨਿਊਯਾਰਕ/ਵਾਸ਼ਿੰਗਟਨ, 9 ਮਾਰਚ (ਏਜੰਸੀ)-ਏਸ਼ੀਆ 'ਚ ਚੱਲ ਰਹੇ ਟਕਰਾਅ ਦਰਮਿਆਨ ਅਮਰੀਕਾ ਹੁਣ ਤੇਲ ਸਪਲਾਈ 'ਚ ਸੰਭਾਵੀ ਕਮੀ ਅਤੇ ਕੀਮਤਾਂ 'ਚ ਵਾਧੇ ਤੋਂ ਚਿੰਤਤ ਹੈ | ਅਮਰੀਕਾ, ਜੋ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਭਾਰਤ ਪ੍ਰਤੀ ਹਮਲਾਵਰ ਰਿਹਾ ਹੈ, ਨੇ ਹੁਣ ਆਪਣਾ ਸੁਰ ਨਰਮ ਕਰ ਦਿੱਤਾ ਹੈ | ਅਮਰੀਕਾ ਨੇ ਭਾਰਤ ਨੂੰ ਬੇਨਤੀ ਕੀਤੀ ਹੈ ਕਿ ਉਹ ਸਮੁੰਦਰ 'ਚ ਪਹਿਲਾਂ ਤੋਂ ਹੀ ਮੌਜੂਦ ਰੂਸੀ ਕੱਚਾ ਤੇਲ ਖਰੀਦੇ ਅਤੇ ਇਸਨੂੰ ਭਾਰਤੀ ਰਿਫਾਇਨਰੀਆਂ 'ਚ ਭੇਜੇ ਤਾਂ ਜੋ ਪੱਛਮੀ ਏਸ਼ੀਆ 'ਚ ਚੱਲ ਰਹੇ ਟਕਰਾਅ ਵਿਚਕਾਰ ਸਪਲਾਈ ਦੀ ਸੰਭਾਵੀ ਕਮੀ ਤੇ ਕੀਮਤਾਂ 'ਚ ਵਾਧੇ ਨੂੰ ਘੱਟ ਕੀਤਾ ਜਾ ਸਕੇ | ਅਮਰੀਕੀ ਊਰਜਾ ਸਕੱਤਰ ਕ੍ਰਿਸ ਰਾਈਟ ਨੇ ਕਿਹਾ ਕਿ ਇਹ ਕਦਮ ਬਾਜ਼ਾਰ ਨੂੰ ਸਥਿਰ ਕਰਨ ਲਈ ਇਕ ਥੋੜ੍ਹੇ ਸਮੇਂ ਦੀ ਅਤੇ ਵਿਹਾਰਕ ਕੋਸ਼ਿਸ਼ ਹੈ | ਰਾਈਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਪਹਿਲ ਰੂਸੀ ਤੇਲ ਬਾਰੇ ਅਮਰੀਕੀ ਨੀਤੀ 'ਚ ਕਿਸੇ ਵੀ ਬਦਲਾਅ ਦਾ ਸੰਕੇਤ ਨਹੀਂ ਦਿੰਦੀ |
ਭਾਰਤ ਇਸ ਮਾਮਲੇ 'ਚ ਚੰਗਾ ਭਾਈਵਾਲ ਰਿਹਾ ਹੈ-ਰਾਈਟ
ਉਨ੍ਹਾਂ ਨੇ ਐਤਵਾਰ ਨੂੰ ਸੀ.ਐਨ.ਐਨ. ਨਾਲ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਨੇ ਵਿੱਤ ਮੰਤਰੀ ਸਕਾਟ ਬੇਸੈਂਟ ਨਾਲ ਮਿਲ ਕੇ ਭਾਰਤੀ ਅਧਿਕਾਰੀਆਂ ਨਾਲ ਚੀਨੀ ਰਿਫਾਇਨਰੀਆਂ 'ਚ ਉਤਾਰੇ ਜਾਣ ਦੀ ਉਡੀਕ ਕਰ ਰਹੇ ਰੂਸੀ ਕੱਚੇ ਤੇਲ ਦੇ ਕਾਰਗੋ ਖਰੀਦਣ ਦੀ ਭਾਰਤ ਦੀ ਯੋਗਤਾ ਬਾਰੇ ਗੱਲ ਕੀਤੀ ਸੀ | ਭਾਰਤ ਇਸ ਮਾਮਲੇ 'ਚ ਇਕ ਚੰਗਾ ਭਾਈਵਾਲ ਰਿਹਾ ਹੈ | ਵਿੱਤ ਮੰਤਰੀ ਸਕਾਟ ਬੇਸੈਂਟ ਤੇ ਮੈਂ ਭਾਰਤੀ ਅਧਿਕਾਰੀਆਂ ਨਾਲ ਫ਼ੋਨ 'ਤੇ ਗੱਲ ਕੀਤੀ ਤੇ ਕਿਹਾ ਕਿ ਚੀਨੀ ਰਿਫਾਇਨਰੀਆਂ 'ਚ ਅਜੇ ਵੀ ਬਹੁਤ ਸਾਰਾ ਤੇਲ ਉਤਾਰਿਆ ਜਾਣਾ ਹੈ | ਉਨ੍ਹਾਂ ਕਿਹਾ ਕਿ ਉੱਥੇ ਤੇਲ ਉਤਾਰੇ ਜਾਣ ਲਈ ਛੇ ਹਫ਼ਤੇ ਉਡੀਕ ਕਰਨ ਦੀ ਬਜਾਏ, ਭਾਰਤ ਨੂੰ ਇਸਨੂੰ ਪਹਿਲਾਂ ਹੀ ਖਰੀਦਣਾ ਚਾਹੀਦਾ ਹੈ ਤੇ ਤੇਲ ਦੀ ਕਮੀ, ਅਚਾਨਕ ਕੀਮਤਾਂ 'ਚ ਵਾਧੇ ਅਤੇ ਬਾਜ਼ਾਰ ਦੀਆਂ ਚਿੰਤਾਵਾਂ ਦੇ ਡਰ ਨੂੰ ਦੂਰ ਕਰਨ ਲਈ ਆਪਣੀਆਂ ਰਿਫਾਇਨਰੀਆਂ 'ਚ ਭੇਜਣਾ ਚਾਹੀਦਾ ਹੈ | ਉਨ੍ਹਾਂ ਇਹ ਵੀ ਦੁਹਰਾਇਆ ਕਿ ਰੂਸ ਪ੍ਰਤੀ ਅਮਰੀਕੀ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ ਤੇ ਭਾਰਤ ਇਸ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੈ |
ਰੂਸ ਨੂੰ ਅਲੱਗ-ਥਲੱਗ ਕਰਨ ਦੀ ਰਣਨੀਤੀ 'ਤੇ ਇਸਦਾ ਕਿੰਨਾ ਪ੍ਰਭਾਵ ਪਵੇਗਾ?
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਰੂਸੀ ਤੇਲ ਖਰੀਦਣ ਲਈ ਭਾਰਤ ਨੂੰ ਦਿੱਤੀ ਗਈ 30 ਦਿਨਾਂ ਦੀ ਛੋਟ ਟਰੰਪ ਪ੍ਰਸ਼ਾਸਨ ਦੇ ਰੂਸ ਨੂੰ ਅਲੱਗ-ਥਲੱਗ ਕਰਨ ਦੇ ਟੀਚੇ ਨੂੰ ਕਮਜ਼ੋਰ ਕਰਦੀ ਹੈ, ਤਾਂ ਰਾਈਟ ਨੇ ਕਿਹਾ ਕਿ ਅਜਿਹਾ ਨਹੀਂ ਹੁੰਦਾ | ਇਹ ਸਿਰਫ਼ ਇਕ ਵਿਹਾਰਕ ਕਦਮ ਹੈ ਅਤੇ ਇਸਦਾ ਪ੍ਰਭਾਵ ਸਿਰਫ਼ ਥੋੜ੍ਹੇ ਸਮੇਂ ਲਈ ਹੋਵੇਗਾ |

ਪਿਛਲੀ ਖ਼ਬਰ 19 ਦੀ ਮਹਾਂਪੰਚਾਇਤ 'ਚ ਦੇਸ਼ ਭਰ ਤੋਂ ਕਿਸਾਨ ਸ਼ਾਮਿਲ ਹੋਣਗੇ-ਡੱਲੇਵਾਲ ਅਗਲੀ ਖ਼ਬਰ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਨੂੰ ਮਿਲੀ ਇਕ ਵੱਡੀ ਇਨਾਮੀ ਰਾਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।