ਅੰਮਿ੍ਤਸਰ, 19 ਫਰਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਸਰਕਾਰ 'ਤੇ ਮੁੱਖ ਮੰਤਰੀ ਮਰੀਅਮ ਨਵਾਜ਼ ਲਈ ਲਗਜ਼ਰੀ ਜੈੱਟ ਖ਼ਰੀਦਣ ਦਾ ਦੋਸ਼ ਲਗਾਇਆ ਗਿਆ ਹੈ | ਇਸ ਗਲਫਸਟ੍ਰੀਮ ਜੀ-500 ਮਾਡਲ ਦੇ ਜਹਾਜ਼ ਦੀ ਕੀਮਤ ਲਗਭਗ 10 ਅਰਬ ਪਾਕਿਸਤਾਨੀ ਰੁਪਏ ਦੱਸੀ ਜਾ ਰਹੀ ਹੈ | ਦਾਅਵੇ ਕੀਤੇ ਜਾ ਰਹੇ ਹਨ ਕਿ ਇਹ ਜੈੱਟ ਮਰੀਅਮ ਨਵਾਜ਼ ਦੀ ਵਰਤੋਂ ਲਈ ਖ਼ਰੀਦਿਆ ਗਿਆ ਹੈ | ਪਾਕਿ ਮੀਡੀਆ ਰਿਪੋਰਟਾਂ ਅਨੁਸਾਰ ਇਹ ਜਹਾਜ਼ ਇਸ ਸਮੇਂ ਸੰਯੁਕਤ ਰਾਜ 'ਚ ਰਜਿਸਟਰਡ ਹੈ ਅਤੇ ਇਸ ਦਾ ਰਜਿਸਟ੍ਰੇਸ਼ਨ ਨੰਬਰ ਐਨ-144 ਐੱਸ. ਦੱਸਿਆ ਜਾ ਰਿਹਾ ਹੈ | ਲਹਿੰਦੇ ਪੰਜਾਬ ਦੀ ਸੂਚਨਾ ਮੰਤਰੀ ਅਜ਼ਮਾ ਬੋਖਾਰੀ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਇਹ ਜੈੱਟ ਮੁੱਖ ਮੰਤਰੀ ਲਈ ਨਹੀਂ, ਸਗੋਂ ਏਅਰ ਪੰਜਾਬ ਲਈ ਵਿਕਸਤ ਕੀਤੇ ਜਾ ਰਹੇ ਬੇੜੇ ਦਾ ਹਿੱਸਾ ਹੈ | ਗਲਫਸਟ੍ਰੀਮ ਜੀ-500 ਨੂੰ ਦੁਨੀਆ ਦੇ ਸਭ ਤੋਂ ਆਲੀਸ਼ਾਨ ਵਪਾਰਕ ਜੈੱਟਾਂ 'ਚੋਂ ਇਕ ਮੰਨਿਆ ਜਾਂਦਾ ਹੈ | ਇਸ 'ਚ ਆਮ ਤੌਰ 'ਤੇ 10 ਤੋਂ 19 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੁੰਦੀ ਹੈ | ਸੁਰੱਖਿਆ ਲਈ ਇਸ 'ਚ ਇਕ ਆਧੁਨਿਕ ਕਾਕਪਿਟ ਸਿਸਟਮ ਅਤੇ ਦੋ ਸ਼ਕਤੀਸ਼ਾਲੀ ਇੰਜਨ ਹਨ | ਇਸ ਦੀ ਲੰਬੀ ਰੇਂਜ, ਘੱਟ ਆਵਾਜ਼ ਅਤੇ ਹੋਟਲ ਵਰਗੀਆਂ ਸਹੂਲਤਾਂ ਕਾਰਨ ਇਸ ਦੀ ਵਰਤੋਂ ਵੀ. ਆਈ. ਪੀ. ਅਤੇ ਕਾਰਪੋਰੇਟ ਯਾਤਰਾ ਲਈ ਕੀਤੀ ਜਾਂਦੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਲਗਜ਼ਰੀ ਜੈੱਟ ਦੀ ਖ਼ਰੀਦ 'ਤੇ ਸਾਰਾ ਵਿਵਾਦ ਸੇਵਾਵਾਂ ਅਤੇ ਆਮ ਪ੍ਰਸ਼ਾਸਨ ਵਿਭਾਗ ਵਲੋਂ ਜਾਰੀ ਪਾਇਲਟ ਭਰਤੀ ਇਸ਼ਤਿਹਾਰ ਨਾਲ ਸ਼ੁਰੂ ਹੋਇਆ | ਇਸ਼ਤਿਹਾਰ 'ਚ ਕਿਹਾ ਗਿਆ ਸੀ ਕਿ ਗਲਫਸਟ੍ਰੀਮ ਜੀ-500 ਨੂੰ ਉਡਾਉਣ ਲਈ ਸਿਖਲਾਈ ਪ੍ਰਾਪਤ ਪਾਇਲਟਾਂ ਨੂੰ ਤਰਜੀਹ ਦਿੱਤੀ ਜਾਵੇਗੀ |
ਮਰੀਅਮ ਨਵਾਜ਼ ਲਈ 10 ਅਰਬ ਦਾ ਲਗਜ਼ਰੀ ਜੈੱਟ ਖ਼ਰੀਦਣ 'ਤੇ ਵਿਵਾਦ <br/>
ਅਜੀਤ ਡੈਸਕ
20-02-2026