ਅਦਾਲਤ ਨੂੰ ਦੱਸਿਆ, ਕਾਨੂੰਨੀ ਤੌਰ 'ਤੇ ਯੂ.ਕੇ. ਛੱਡਣ 'ਤੇ ਰੋਕ ਹੈ
ਮੁੰਬਈ, 18 ਫਰਵਰੀ (ਏਜੰਸੀ)-ਧੋਖਾਧੜੀ ਤੇ ਹਵਾਲਾ ਰਾਸ਼ੀ ਦੇ ਕਈ ਮਾਮਲਿਆਂ 'ਚ ਘਿਰੇ ਭਗੋੜੇ ਕਾਰੋਬਾਰੀ ਵਿਜੇ ਮਾਲਿਆ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਇਹ ਨਹੀਂ ਦੱਸ ਸਕਦਾ ਕਿ ਉਹ ਭਾਰਤ ਕਦੋਂ ਪਰਤੇਗਾ, ਕਿਉਂਕਿ ਕਾਨੂੰਨੀ ਤੌਰ 'ਤੇ ਉਸ 'ਤੇ ਯੂ.ਕੇ. ਛੱਡਣ 'ਤੇ ਰੋਕ ਹੈ। ਆਪਣੇ ਵਕੀਲ ਅਮਿਤ ਦੇਸਾਈ ਜ਼ਰੀਏ ਹਾਈ ਕੋਰਟ 'ਚ ਦਿੱਤੇ ਗਏ ਇਕ ਬਿਆਨ 'ਚ ਮਾਲਿਆ ਨੇ ਕਿਹਾ ਕਿ ਪਾਸਪੋਰਟ ਰੱਦ ਹੋਣ ਦੇ ਬਾਅਦ ਉਸ ਦੇ ਕੋਲ ਕੋਈ ਐਕਟਿਵ ਪਾਸਪੋਰਟ ਨਹੀਂ ਸੀ ਅਤੇ ਇਸ ਲਈ ਉਹ ਭਾਰਤ ਪਰਤਣ ਦੀ ਕੋਈ ਪੱਕੀ ਤਰੀਕ ਨਹੀਂ ਦੱਸ ਸਕਦਾ। ਇਹ ਬਿਆਨ ਉਦੋਂ ਦਿੱਤਾ ਗਿਆ ਜਦੋਂ ਚੀਫ਼ ਜਸਟਿਸ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਦੇ ਬੈਂਚ ਨੇ ਪਿਛਲੇ ਹਫ਼ਤੇ ਇਹ ਸਪੱਸ਼ਟ ਕਰ ਦਿੱਤਾ ਕਿ ਜਦੋਂ ਤੱਕ ਮਾਲਿਆ ਭਾਰਤ ਵਾਪਸ ਨਹੀਂ ਆ ਜਾਂਦਾ ਉਦੋਂ ਤੱਕ ਉਹ ਉਸ ਨੂੰ ਭਗੋੜਾ ਆਰਥਿਕ ਅਪਰਾਧੀ ਘੋਸ਼ਿਤ ਕਰਨ ਦੇ ਆਦੇਸ਼ ਦੇ ਖਿਲਾਫ਼ ਉਸ ਦੀ ਪਟੀਸ਼ਨ 'ਤੇ ਸੁਣਵਾਈ ਨਹੀਂ ਕਰਨਗੇ। ਅਦਾਲਤ ਨੇ ਉਦੋਂ ਮਾਲਿਆ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਸੀ ਕਿ ਉਸ ਦਾ ਭਾਰਤ ਪਰਤਣ ਦਾ ਇਰਾਦਾ ਹੈ ਜਾਂ ਨਹੀਂ।
ਕਹਿ ਨਹੀਂ ਸਕਦਾ ਕਿ ਭਾਰਤ ਕਦੋਂ ਪਰਤਾਂਗਾ-ਮਾਲਿਆ
ਅਜੀਤ ਡੈਸਕ
19-02-2026