ਸੰਦੀਪ ਪਾਠਕ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਕੀਤੀ ਮੰਗ
ਜਲੰਧਰ, 17 ਫਰਵਰੀ (ਸ਼ਿਵ ਸ਼ਰਮਾ)-'ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੇਸ਼ ਭਰ, ਖਾਸ ਕਰਕੇ ਦਿੱਲੀ 'ਚ ਬੱਚਿਆਂ ਦੇ ਅਗਵਾ ਅਤੇ ਤਸਕਰੀ ਬਾਰੇ ਵਧ ਰਹੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਸੰਦੀਪ ਪਾਠਕ ਨੇ ਖ਼ੁਲਾਸਾ ਕੀਤਾ ਕਿ ਦੇਸ਼ ਵਿਚ ਹਰ 8 ਮਿੰਟ 'ਚ ਇਕ ਬੱਚਾ ਲਾਪਤਾ ਹੋ ਰਿਹਾ ਹੈ | ਉਨਾਂ ਦੱਸਿਆ ਹੈ ਕਿ ਇਹ ਨਾ ਸਿਰਫ਼ ਕਾਨੂੰਨ ਵਿਵਸਥਾ ਦਾ ਮੁੱਦਾ ਹੈ, ਸਗੋਂ ਮਨੁੱਖੀ ਸੰਵੇਦਨਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਸੰਬੰਧਿਤ ਇੱਕ ਡੂੰਘਾ ਚਿੰਤਾਜਨਕ ਵਿਸ਼ਾ ਵੀ ਹੈ | ਦਿੱਲੀ ਪੁਲਿਸ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਹਰ ਸਾਲ ਦਿੱਲੀ 'ਚ ਬੱਚਿਆਂ ਦੇ ਲਾਪਤਾ ਹੋਣ ਦੇ 6,000 ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ | ਇਨ੍ਹਾਂ ਮਾਮਲਿਆਂ 'ਚੋਂ ਲਗਭਗ 70 ਫ਼ੀਸਦੀ ਲੜਕੀਆਂ ਨਾਲ ਸੰਬੰਧਿਤ ਹਨ ਅਤੇ ਲਗਭਗ 50 ਫ਼ੀਸਦੀ ਨਾਬਾਲਗ ਹਨ | ਇਸ ਦਾ ਅਰਥ ਹੈ ਕਿ ਹਰ ਰੋਜ਼ ਲਗਭਗ 17 ਬੱਚੇ ਲਾਪਤਾ ਹੋ ਰਹੇ ਹਨ ਅਤੇ ਹਰ ਡੇਢ ਘੰਟੇ 'ਚ ਲਗਭਗ ਇਕ ਬੱਚਾ ਲਾਪਤਾ ਹੋ ਰਿਹਾ ਹੈ | ਦਿੱਲੀ ਵਿੱਚ ਲਾਪਤਾ ਬੱਚਿਆਂ ਦੀ ਗਿਣਤੀ ਮੁੰਬਈ ਨਾਲੋਂ ਲਗਭਗ 3.3 ਗੁਣਾ, ਬੈਂਗਲੁਰੂ ਨਾਲੋਂ 5.7 ਗੁਣਾ ਅਤੇ ਕੋਲਕਾਤਾ ਨਾਲੋਂ 14 ਗੁਣਾ ਵੱਧ ਹੈ | ਸੰਦੀਪ ਪਾਠਕ ਨੇ ਕੌਮੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੇ ਅੰਕੜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ਭਰ 'ਚ ਔਸਤਨ ਹਰ 8 ਮਿੰਟਾਂ ਵਿੱਚ ਇਕ ਬੱਚਾ ਲਾਪਤਾ ਹੋ ਜਾਂਦਾ ਹੈ | ਇਹ ਅੰਕੜੇ ਸਿਰਫ ਰਿਪੋਰਟ ਕੀਤੇ ਗਏ ਮਾਮਲਿਆਂ ਨੂੰ ਦਰਸਾਉਂਦੇ ਹਨ | ਅਸਲ ਸਥਿਤੀ ਸ਼ਾਇਦ ਹੋਰ ਵੀ ਭਿਆਨਕ ਹੈ |
ਦੇਸ਼ 'ਚ ਔਸਤਨ ਹਰ 8 ਮਿੰਟ 'ਚ ਇਕ ਬੱਚਾ ਹੋ ਰਿਹਾ ਹੈ ਲਾਪਤਾ
ਅਜੀਤ ਡੈਸਕ
18-02-2026