ਨਵਾਂਸ਼ਹਿਰ, 29 ਜਨਵਰੀ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਿਸ ਥਾਣਾ ਧਮਾਕਾ ਮਾਮਲੇ ਦੀ ਜਾਂਚ 'ਚ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਪਾਕਿਸਤਾਨ ਦੀ ਬਦਨਾਮ ਖੁਫ਼ੀਆ ਏਜੰਸੀ ਆਈ. ਐਸ. ਆਈ. ਤੋਂ ਹਮਾਇਤ ਪ੍ਰਾਪਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਅੱਤਵਾਦੀ ਨੈੱਟਵਰਕ ਨਾਲ ਜੁੜੇ ਇਕ ਨਾਰਕੋ-ਅੱਤਵਾਦੀ ਮਾਡਿਊਲ ਦੀ ਸ਼ਮੂਲੀਅਤ ਦਾ ਪਰਦਾਫਾਸ਼ ਕਰਕੇ ਇਸ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਕੇਂਦਰੀ ਏਜੰਸੀਆਂ ਨਾਲ ਨੇੜਿਓਂ ਤਾਲਮੇਲ ਰਾਹੀਂ ਕੀਤੀ ਗਈ ਹੈ। ਗ੍ਰਿਫ਼ਤਾਰ ਕਥਿਤ ਦੋਸ਼ੀਆਂ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ਼ ਸ਼ੇਰੂ ਉਰਫ਼ ਕਮਲ ਅਤੇ ਪ੍ਰਦੀਪ ਸਿੰਘ ਉਰਫ਼ ਦੀਪੂ ਵਜੋਂ ਹੋਈ ਹੈ, ਜੋ ਐਸ. ਬੀ. ਐਸ. ਅਧੀਨ ਪੈਂਦੇ ਕਸਬਾ ਰਾਹੋਂ ਦੇ ਰਹਿਣ ਵਾਲੇ ਹਨ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਵੀ ਬਰਾਮਦ ਕੀਤੀ ਹੈ। ਡੀ.ਜੀ.ਪੀ. ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਗੁਰਪ੍ਰੀਤ ਉਰਫ਼ ਗੋਪੀ ਨਵਾਂਸ਼ਹਿਰੀਆ ਅਤੇ ਪਾਕਿਸਤਾਨ ਰਹਿੰਦੇ ਬੀ.ਕੇ.ਆਈ. ਦੇ ਕਾਰਕੁਨ ਹਰਵਿੰਦਰ ਰਿੰਦਾ ਦੇ ਨਜ਼ਦੀਕੀ ਸਾਥੀ ਸ਼ੁਸ਼ਾਂਤ ਚੋਪੜਾ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਡੀ.ਜੀ.ਪੀ. ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕਥਿਤ ਦੋਸ਼ੀਆਂ ਨੇ 31 ਦਸੰਬਰ, 2025 ਨੂੰ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਇਕ ਆਈ.ਈ.ਡੀ. ਪਹੁੰਚਾਈ ਸੀ, ਜਿਸ ਦੀ ਵਰਤੋਂ ਪੁਲਿਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਇਕ ਵੱਡੀ ਸਾਜਿਸ਼ ਦੇ ਹਿੱਸੇ ਵਜੋਂ 1 ਜਨਵਰੀ, 2026 ਨੂੰ ਹੋਏ ਨਾਲਾਗੜ੍ਹ ਪੁਲਿਸ ਥਾਣੇ 'ਚ ਧਮਾਕੇ ਲਈ ਕੀਤੀ ਗਈ ਸੀ। ਨਵਾਂਸ਼ਹਿਰ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ.) ਤੁਸ਼ਾਰ ਗੁਪਤਾ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਰਾਹੋਂ ਪੁਲਿਸ ਥਾਣੇ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਐਫ.ਆਈ.ਆਰ. ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕਥਿਤ ਦੋਸ਼ੀਆਂ ਦੀ ਸ਼ੁਸ਼ਾਂਤ ਚੋਪੜਾ ਦੇ ਨਿਰਦੇਸ਼ਾਂ 'ਤੇ ਕੰਮ ਕਰਨ ਦੀ ਭੂਮਿਕਾ ਬਾਰੇ ਖੁਲਾਸਾ ਹੋਇਆ। ਐਸ.ਐਸ.ਪੀ. ਨੇ ਕਿਹਾ ਕਿ ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੇ ਦੋ ਸਾਥੀਆਂ ਦੀ ਵੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਫੜ੍ਹਨ ਲਈ ਛਾਪੇਮਾਰੀ ਜਾਰੀ ਹੈ।
ਨਾਲਾਗੜ੍ਹ ਪੁਲਿਸ ਥਾਣਾ ਧਮਾਕਾ ਮਾਮਲਾ-ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ 2 ਨੌਜਵਾਨ ਗ੍ਰਿਫ਼ਤਾਰ-ਆਈ.ਈ.ਡੀ. ਬਰਾਮਦ
ਅਜੀਤ ਡੈਸਕ
30-01-2026