26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਰਹੱਦ ਪਾਰੋਂ ਆਈ 42.9 ਕਿੱਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ-2 ਗ੍ਰਿਫ਼ਤਾਰ

ਅਜੀਤ ਡੈਸਕ 30-01-2026

4 ਹੈਂਡ ਗ੍ਰਨੇਡ, ਇਕ ਪਿਸਤੌਲ ਤੇ 45 ਜ਼ਿੰਦਾ ਕਾਰਤੂਸ ਵੀ ਬਰਾਮਦ
ਅੰਮ੍ਰਿਤਸਰ/ਓਠੀਆਂ/ਰਾਜਾਸਾਂਸੀ, 29 ਜਨਵਰੀ (ਰੇਸ਼ਮ ਸਿੰਘ, ਗੁਰਵਿੰਦਰ ਸਿੰਘ ਛੀਨਾ, ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵਿਲੇਜ ਡਿਫੈਂਸ ਕਮੇਟੀ (ਵੀ.ਡੀ.ਸੀ.) ਦੇ ਸਹਿਯੋਗ ਨਾਲ 42.9 ਕਿਲੋਗ੍ਰਾਮ ਹੈਰੋਇਨ, ਚਾਰ ਹੈਂਡ ਗ੍ਰਨੇਡ ਅਤੇ ਇੱਕ ਸਟਾਰ-ਮਾਰਕ ਪਿਸਤੌਲ ਸਮੇਤ 46 ਜਿੰਦਾ ਕਾਰਤੂਸ ਬਰਾਮਦ ਕਰਕੇ ਸਰਹੱਦ ਪਾਰੋਂ ਨਾਰਕੋ-ਅੱਤਵਾਦ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਜਿਸ ਉਪਰੰਤ ਦੋ ਵਿਅਕਤੀਆ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਕਰਵਾਏ ਪੱਤਰਕਾਰ ਸੰਮੇਲਨ 'ਚ ਡੀ.ਆਈ.ਜੀ. ਬਾਰਡਰ ਰੇਂਜ ਸ੍ਰੀ ਸੰਦੀਪ ਗੋਇਲ ਨੇ ਕੀਤਾ, ਜਿਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ, ਹਥਿਆਰ ਅਤੇ ਵਿਸਫੋਟਕ ਸਮੱਗਰੀ ਅੰਤਰਰਾਸ਼ਟਰੀ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਗਈ ਸੀ, ਜਿਸ ਨਾਲ ਇਸ ਖੇਪ ਵਿਚ ਸੰਗਠਿਤ ਸਰਹੱਦ ਪਾਰੋਂ ਨਾਰਕੋ-ਅੱਤਵਾਦ ਨੈੱਟਵਰਕ ਦੀ ਸ਼ਮੂਲੀਅਤ ਦਾ ਪਤਾ ਲਗਦਾ ਹੈ। ਇਸ ਉਪਰੰਤ ਜਾਂਚ ਦੌਰਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਅਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਵੀ.ਡੀ.ਸੀ. ਨੈੱਟਵਰਕ ਰਾਹੀਂ ਪ੍ਰਾਪਤ ਜਾਣਕਾਰੀ 'ਤੇ ਤੁਰੰਤ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਪਿੰਡ ਓਠੀਆਂ ਵਿਚ ਇੱਕ ਮੋਟਰਸਾਈਕਲ ਨੂੰ ਰੋਕਿਆ ਜਦੋਂ ਕਿ ਪੁਲਿਸ ਦੀ ਮੌਜੂਦਗੀ ਦਾ ਪਤਾ ਲੱਗਣ 'ਤੇ ਮੋਟਰਸਾਇਕਲ ਸਵਾਰ ਵਿਅਕਤੀ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਪ ਸਮੇਤ ਮੋਟਰਸਾਈਕਲ ਛੱਡ ਕੇ ਨਾਲ ਲੱਗਦੇ ਖੇਤਾਂ ਵੱਲ ਭੱਜ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਤੁਰੰਤ ਆਲੇ ਦੁਆਲੇ ਦੇ ਖੇਤਾਂ ਵਿਚ ਇੱਕ ਯੋਜਨਾਬੱਧ ਤਲਾਸ਼ੀ ਮੁਹਿੰਮ ਚਲਾਈ, ਜਿਸ ਦੇ ਨਤੀਜੇ ਵਜੋਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਵਿਸਫੋਟਕਾਂ ਦੀ ਖੇਪ ਬਰਾਮਦ ਹੋਈ। ਇਸ ਮੌਕੇ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਦੂਜੇ ਪਾਸੇ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨੇ ਦੱਸਿਆ ਕਿ ਰਾਤ 11 ਕੁ ਵਜੇ ਦੇ ਕਰੀਬ ਓਠੀਆਂ ਵਿਖੇ ਕੁੱਕੜਾਂ ਵਾਲੀ ਸੜਕ ਬਣ ਰਹੀ ਸੀ। ਚੌਕ ਵਾਲੇ ਸਾਈਡ ਤੋਂ ਇੱਕ ਮੋਟਰਸਾਈਕਲ 'ਤੇ ਦੋ ਨੌਜਵਾਨ ਆ ਰਹੇ ਸਨ ਜਿਨ੍ਹਾਂ ਦਾ ਮੋਟਰ ਸਾਈਕਲ ਸੜਕ ਵਿਚ ਵੀ ਫਸ ਗਿਆ ਤੇ ਉਹ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। ਸਰਪੰਚ ਵਲੋਂ 'ਆਪ' ਦੀ ਇੰਚਾਰਜ ਮੈਡਮ ਸੋਨੀਆ ਮਾਨ ਨਾਲ ਫੋਨ 'ਤੇ ਰਾਬਤਾ ਕਾਇਮ ਕੀਤਾ ਤਾਂ ਹਲਕਾ ਇੰਚਾਰਜ ਮੈਡਮ ਮਾਨ ਤੁਰੰਤ ਰਾਤ 12 ਵਜੇ ਆਪ ਉੱਥੇ ਪਹੁੰਚ ਕੇ ਡੀ.ਐੱਸ.ਪੀ. ਐੱਸ.ਐੱਚ. ਓ. ਰਾਜਾਸਾਂਸੀ ਅਤੇ ਹੋਰ ਪੁਲਿਸ ਪਾਰਟੀ ਸਦ ਕੇ ਕਾਰਵਾਈ ਕਰਵਾਈ ਗਈ।

ਪਿਛਲੀ ਖ਼ਬਰ ਵਿਧਾਇਕ ਜਿੰਪਾ ਤੇ ਡਾ. ਇਸ਼ਾਂਕ ਵਲੋਂ 'ਦਾਖਲਾ ਮੁਹਿੰਮ' ਨੂੰ ਤੇਜ਼ ਕਰਨ ਲਈ ਵਿਸ਼ੇਸ਼ ਪ੍ਰਚਾਰ ਵਾਹਨ ਰਵਾਨਾ ਅਗਲੀ ਖ਼ਬਰ ਪੈਨਸ਼ਨਰਾਂ ਵਲੋਂ 20 ਫਰਵਰੀ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।