ਅਮਲੋਹ, 29 ਜਨਵਰੀ (ਹਰਪ੍ਰੀਤ ਸਿੰਘ ਗਿੱਲ)-ਪਹਿਲਾਂ ਬਾਜ਼ਾਰ ਵਿਚ ਭਾਅ ਬੇਹੱਦ ਮੰਦਾ ਰਹਿਣ ਅਤੇ ਹੁਣ ਬੇਮੌਸਮੀਆਂ ਬਰਸਾਤਾਂ ਨੇ ਇਕ ਤਰ੍ਹਾਂ ਨਾਲ ਆਲੂ ਉਤਪਾਦਕਾਂ ਦੀਆਂ ਆਰਥਿਕ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਪਹਿਲਾਂ ਕਿਸਾਨਾਂ ਨੂੰ ਆਸ ਸੀ ਕਿ ਮੰਦੇ ਭਾਅ ਦੇ ਬਾਵਜੂਦ ਇਸ ਵਾਰ ਚੰਗੇ ਝਾੜ ਨਾਲ ਘੱਟੋ-ਘੱਟ ਆਲੂ 'ਤੇ ਆਈ ਲਾਗਤ ਤਾਂ ਪੂਰੀ ਹੋ ਜਾਵੇਗੀ ਪਰ ਮੌਜੂਦਾ ਮੌਸਮੀ ਕਰੋਪੀ ਦੇ ਚਲਦਿਆਂ ਉਹ ਆਸ ਵੀ ਟੁੱਟਦੀ ਨਜ਼ਰ ਆ ਰਹੀ ਹੈ, ਕਿਉਂਕਿ ਪਿਛਲੇ ਇਕ ਹਫ਼ਤੇ ਵਿਚ ਦੋ ਵਾਰ ਪਏ ਮੀਂਹ ਕਾਰਨ ਅਤੇ ਮੌਸਮ ਵਿਭਾਗ ਦੇ ਮਾਹਿਰਾਂ ਵਲੋਂ ਫਰਵਰੀ ਮਹੀਨੇ 'ਚ ਵੀ ਮੀਂਹ ਦੀ ਚਿਤਾਵਨੀ ਕਾਰਨ ਨੁਕਸਾਨ ਦੇ ਹੋਰ ਵੀ ਵੱਡੇ ਅਸਾਰ ਬਣਦੇ ਨਜ਼ਰ ਆ ਰਹੇ ਹਨ | ਬਾਗ਼ਬਾਨੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਵਿਚ ਲਗਭਗ 1.20 ਲੱਖ ਤੋਂ 1.22 ਲੱਖ ਹੈਕਟੇਅਰ ਰਕਬੇ ਵਿਚ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ | ਇਸ ਰਕਬੇ ਤੋਂ ਹਰ ਸਾਲ ਕਰੀਬ 32 ਲੱਖ ਤੋਂ 35 ਲੱਖ ਟਨ ਤੱਕ ਆਲੂ ਦਾ ਉਤਪਾਦਨ ਹੁੰਦਾ ਹੈ | ਸੰਨ 2024 ਦੌਰਾਨ ਪੰਜਾਬ ਵਿਚ 32.38 ਲੱਖ ਟਨ ਆਲੂ ਪੈਦਾ ਹੋਇਆ ਸੀ, ਜਿਸ ਦਾ ਵੱਡਾ ਹਿੱਸਾ ਬੀਜ ਅਤੇ ਪ੍ਰੋਸੈਸਿੰਗ ਸਨਅਤ ਲਈ ਵਰਤਿਆ ਗਿਆ | ਵਰਨਣਯੋਗ ਹੈ ਕਿ ਪੰਜਾਬ ਦੇ ਆਲੂ ਦੀ 'ਬੀਜ ਅਤੇ ਪ੍ਰੋਸੈਸਿੰਗ ਉਦਯੋਗ' ਵਿਚ ਬੇਹੱਦ ਮੰਗ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਮੰਡੀ ਵਿਚ ਇਸ ਵਾਰ ਆਲੂ ਦੀ ਉਚਿਤ ਕੀਮਤ ਨਹੀਂ ਮਿਲ ਰਹੀ | ਹੁਣ ਜਦੋਂ ਪੰਜਾਬ ਵਿਚ ਆਲੂ ਦੀ ਪੁਟਾਈ ਦਾ ਕੰਮ ਸ਼ੁਰੂ ਹੋ ਗਿਆ ਤਾਂ ਮੌਸਮੀ ਕਰੋਪੀ ਨੇ ਆਲੂ ਉਤਪਾਦਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ, ਕਿਉਂਕਿ ਪੰਜਾਬ 'ਚ ਲਗਾਤਾਰ ਪੲ ਦੋ ਮੀਂਹਾਂ ਨੇ ਪੰਜਾਬ ਦੇ ਵੱਡੇ ਹਿੱਸੇ ਵਿਚ ਪੁਟਾਈ 8-10 ਦਿਨਾਂ ਤੱਕ ਰੋਕ ਦਿੱਤੀ ਹੈ | ਪਿੰਡ ਭੋਲੀਏ ਦੇ ਕਿਸਾਨ ਗੁਰਸੰਤ ਸਿੰਘ ਸਵੈਚ ਨੇ ਦੱਸਿਆ ਕਿ ਮੀਂਹ ਕਾਰਨ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਵਿਚ ਆਲੂ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ, ਜਿਸ ਨੂੰ ਬਚਾਉਣ ਲਈ ਕਿਸਾਨ ਜੇ.ਸੀ.ਬੀ. ਮਸ਼ੀਨਾਂ ਲਗਾ ਕੇ ਟੋਏ ਪੁੱਟ ਰਹੇ ਹਨ ਤੇ ਬਹੁਤ ਸਾਰੇ ਕਿਸਾਨ ਪੰਪਸੈੱਟ ਲੱਗਾ ਕੇ ਖੇਤਾਂ 'ਚੋਂ ਪਾਣੀ ਕੱਢ ਰਹੇ ਹਨ | ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਕੰਪਨੀਆਂ ਨੂੰ ਆਲੂ ਦਾ ਬੀਜ ਤਿਆਰ ਕਰਨ ਲਈ ਤਕਨੀਕੀ ਸੇਵਾਵਾਂ ਦੇ ਰਹੇ ਖੇਤੀ ਵਿਗਿਆਨੀ ਡਾ. ਹਰਕੀਰਤ ਸਿੰਘ ਗਿੱਲ ਨੇ ਫ਼ੋਨ 'ਤੇ ਗੱਲ ਕਰਦਿਆਂ ਦੱਸਿਆ ਕਿ ਆਲੂ ਇਕ ਅਜਿਹੀ ਫ਼ਸਲ ਹੈ, ਜੋ ਖੇਤਾਂ ਵਿਚ ਭਰੇ ਥੋੜ੍ਹੇ ਜਿਹੇ ਜ਼ਿਆਦਾ ਪਾਣੀ ਨਾਲ ਹੀ ਸੜ ਜਾਂਦੀ ਹੈ | ਉਨ੍ਹਾਂ ਇਹ ਵੀ ਖਾਦਸਾ ਜ਼ਾਹਿਰ ਕੀਤਾ ਕਿ ਪਾਣੀ ਲੱਗੇ ਆਲੂ ਦਾ ਕੋਲਡ ਸਟੋਰਾਂ 'ਚ ਵੀ ਸੜਨ ਦਾ ਖ਼ਤਰਾ ਵੱਧ ਜਾਂਦਾ ਹੈ | ਡਾ. ਗਿੱਲ ਨੇ ਦੱਸਿਆ ਕਿ ਦੇਸ਼ ਵਿਚ ਆਲੂ ਦਾ ਕੁੱਲ ਉਤਪਾਦਨ ਲਗਪਗ 6 ਕਰੋੜ ਟਨ ਹੁੰਦਾ ਹੈ, ਜਿਸ ਲਈ ਕਰੀਬ 60 ਲੱਖ ਟਨ ਬੀਜ ਦੀ ਲੋੜ ਪੈਂਦੀ ਹੈ, ਜਿਸ ਦਾ ਵੱਡਾ ਹਿੱਸਾ ਪੰਜਾਬ ਪੈਦਾ ਕਰਦਾ ਹੈ | ਇਸ ਲਈ ਚੱਲ ਰਿਹਾ ਮੌਸਮੀ ਵਿਗਾੜ ਆਲੂ ਦੇ ਬੀਜ ਲਈ ਪੂਰੇ ਦੇਸ ਲਈ ਚਿੰਤਾ ਦਾ ਵਿਸ਼ਾ ਹੈ |
ਮੰਦੇ ਭਾਅ ਤੇ ਮੌਸਮੀ ਮਾਰ ਨੇ ਆਲੂ ਉਤਪਾਦਕਾਂ ਦੀ ਵਧਾਈ ਚਿੰਤਾ ਆਲੂ 'ਤੇ ਆਈ ਲਾਗਤ ਵੀ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ <br/>
ਅਜੀਤ ਡੈਸਕ
30-01-2026