ਡੇਰਾ ਬਾਬਾ ਨਾਨਕ, 29 ਜਨਵਰੀ (ਹੀਰਾ ਸਿੰਘ ਮਾਂਗਟ, ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਘਣੀਏ-ਕੇ-ਬੇਟ ਅੰਤਰਰਾਸ਼ਟਰੀ ਸਰਹੱਦ ਵਿਖੇ ਭਾਰਤੀ ਖੇਤਰ ਵਿਚ ਦਾਖਲ ਹੋ ਰਹੇ ਪਾਕਿਸਤਾਨੀ ਘੁਸਪੈਠੀਏ ਨੂੰ ਬੀ.ਐਸ.ਐਫ. ਦੇ ਜਵਾਨਾਂ ਵਲੋਂ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਬੀ.ਐਸ.ਐਫ. ਦੀ 113 ਬਟਾਲੀਅਨ ਦੀ ਬੀ.ਓ.ਪੀ. ਘਣੀਆ-ਕੇ-ਬੇਟ ਦੇ ਨਜ਼ਦੀਕ ਅੰਤਰਰਾਸ਼ਟਰੀ ਸਰਹੱਦ 'ਤੇ ਬੀ.ਐਸ.ਐਫ. ਦੇ ਚੌਕਸ ਜਵਾਨਾਂ ਵਲੋਂ ਤੜਕਸਾਰ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ਵਿਚ ਪ੍ਰਵੇਸ਼ ਕੀਤੇ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ ਅਤੇ ਬੀ.ਐਸ.ਐਫ. ਵਲੋਂ ਕੰਡਿਆਲੀ ਤਾਰ ਨੇੜੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸੰਬੰਧੀ ਬੀ.ਐਸ.ਐਫ. ਵਲੋਂ ਤੁਰੰਤ ਇਸ ਦੀ ਸੂਚਨਾ ਡੇਰਾ ਬਾਬਾ ਨਾਨਕ ਪੁਲਿਸ ਥਾਣੇ ਦੀ ਪੁਲਿਸ ਚੌਕੀ ਧਰਮਕੋਟ ਰੰਧਾਵਾ ਵਿਖੇ ਦਿੱਤੀ ਗਈ, ਜਿਥੇ ਵਾਧੂ ਚਾਰਜ ਐੱਸ.ਐੱਚ.ਓ. ਕੈਲਾਸ਼ ਚੰਦਰ ਅਤੇ ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਨੰਦ ਭੱਟੀ ਵਲੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਨੰਦ ਭੱਟੀ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਕੋਲ ਇਕ ਪਾਕਿਸਤਾਨੀ ਮਾਅਰਕੇ ਵਾਲੀ ਪਾਣੀ ਦੀ ਬੋਤਲ ਮਿਲੀ ਹੈ, ਜਦਕਿ ਉਸ ਦੇ ਕੱਪੜਿਆਂ ਉਪਰ ਵੀ ਰਾਵਲਪਿੰਡੀ (ਪਾਕਿਸਤਾਨ) ਦਾ ਮਾਅਰਕਾ ਲੱਗਿਆ ਹੋਇਆ ਹੈ | ਬੀ.ਐਸ.ਐਫ. ਵਲੋਂ ਇਸ ਦੀ ਸੂਚਨਾ ਪਾਕਿਸਤਾਨੀ ਰੇਂਜਰਾਂ ਨੂੰ ਦੇ ਦਿੱਤੀ ਗਈ ਹੈ |