ਸੜਕ ਨੂੰ ਗੁਰੂ ਨਾਨਕ ਐਕਸਪ੍ਰੈੱਸਵੇਅ ਦਾ ਦਿੱਤਾ ਜਾਵੇਗਾ ਨਾਂਅ-ਅਬਦੁਲ ਅਲੀਮ ਖ਼ਾਨ
ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਸੰਚਾਰ ਮੰਤਰੀ ਅਬਦੁਲ ਅਲੀਮ ਖ਼ਾਨ ਨੇ ਜ਼ਿਲ੍ਹਾ ਨਾਰੋਵਾਲ ਦੇ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਦੋਵੇਂ ਪਵਿੱਤਰ ਅਸਥਾਨਾਂ ਨੂੰ ਨੈਸ਼ਨਲ ਮੋਟਰਵੇਅ ਨੈੱਟਵਰਕ ਨਾਲ ਜੋੜਨ ਦਾ ਐਲਾਨ ਕੀਤਾ ਹੈ | ਇਸ ਤੋਂ ਪਹਿਲਾਂ ਪਾਕਿ ਦੀ ਪਿਛਲੀ ਇਮਰਾਨ ਖ਼ਾਨ ਤੇ ਮੌਜੂਦਾ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਦੇ ਸੰਬੰਧਿਤ ਮੰਤਰੀਆਂ ਵਲੋਂ ਇਹ ਐਲਾਨ ਲਗਭਗ 10 ਵਾਰ ਕੀਤਾ ਜਾ ਚੁੱਕਿਆ ਹੈ | ਹਾਲਾਂਕਿ, ਅਜੇ ਤੱਕ ਇਸ 'ਤੇ ਅਮਲੀ ਕਾਰਵਾਈ ਨਹੀਂ ਕੀਤੀ ਜਾ ਸਕੀ | ਲਾਹੌਰ ਤੋਂ ਬਾਬਰ ਜਲੰਧਰੀ ਨੇ 'ਅਜੀਤ' ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸੰਘੀ ਮੰਤਰੀ ਅਲੀਮ ਖ਼ਾਨ ਨੇ ਨੈਸ਼ਨਲ ਹਾਈਵੇਅ ਅਥਾਰਿਟੀ (ਐਨ. ਐਚ. ਏ.) ਨੂੰ ਸਿਆਲਕੋਟ-ਕਰਤਾਰਪੁਰ ਸਾਹਿਬ ਮੋਟਰਵੇਅ 'ਤੇ ਨਿਰਮਾਣ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਨੂੰ 'ਗੁਰੂ ਨਾਨਕ ਐਕਸਪ੍ਰੈਸਵੇਅ' ਦਾ ਨਾਂਅ ਦਿੱਤਾ ਜਾਵੇਗਾ | ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਹਾਈਵੇਅ ਦੇ ਨਾਲ-ਨਾਲ 3-ਸਿਤਾਰਾ, 4-ਸਿਤਾਰਾ ਅਤੇ 5-ਸਿਤਾਰਾ ਹੋਟਲ ਵਿਕਸਤ ਕੀਤੇ ਜਾਣਗੇ | ਵਿਸ਼ਵ-ਵਿਆਪੀ ਸਿੱਖ ਭਾਈਚਾਰੇ ਤੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਐੱਨ. ਐੱਚ. ਏ. ਲੰਡਨ, ਕੈਨੇਡਾ ਅਤੇ ਅਮਰੀਕਾ 'ਚ ਕੌਮਾਂਤਰੀ ਮਾਰਕੀਟਿੰਗ ਮੁਹਿੰਮ ਸ਼ੁਰੂ ਕਰੇਗਾ | ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ੀ ਸਿੱਖਾਂ ਨੂੰ ਇਸ ਪ੍ਰੋਜੈਕਟ 'ਚ ਨਿਵੇਸ਼ ਲਈ ਆਕਰਸ਼ਿਤ ਕਰਨ ਹਿਤ ਇਨ੍ਹਾਂ ਪ੍ਰੋਜੈਕਟਾਂ ਨੂੰ ਕੌਮਾਂਤਰੀ ਰੋਡ ਸ਼ੋਅ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਖੇਤਰ ਲਈ ਇਕ 'ਗੇਮ-ਚੇਂਜਰ' ਹੋਣਗੇ |
ਪਾਕਿ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਤੇ ਸ੍ਰੀ ਨਨਕਾਣਾ ਸਾਹਿਬ ਨੂੰ ਮੋਟਰਵੇਅ ਨਾਲ ਜੋੜਨ ਦਾ ਐਲਾਨ
ਅਜੀਤ ਡੈਸਕ
30-01-2026