ਅੰਮਿ੍ਤਸਰ, 29 ਜਨਵਰੀ (ਜਸਵੰਤ ਸਿੰਘ ਜੱਸ)-ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੇ ਪੰਜਾਬੀ ਸਾਹਿਤਕਾਰਾਂ ਤੇ ਬਾਲਾਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਲਹਿੰਦੇ ਪੰਜਾਬ ਦੇ ਨਾਮਵਰ ਬਾਲ ਸਾਹਿਤਕਾਰ ਜਨਾਬ ਅਸ਼ਰਫ ਸੁਹੇਲ ਵਲੋਂ ਲਾਹੌਰ ਦੇ ਮੁਗਲਪੁਰਾ ਤੋਂ ਆਪਣੇ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਹੁੰਦੇ ਪੰਜਾਬੀ ਬਾਲ ਰਸਾਲੇ 'ਪੰਖੇਰੂ' ਦਾ ਜਨਵਰੀ 2026 ਅੰਕ ਚੜ੍ਹਦੇ ਪੰਜਾਬ ਦੇ ਸ਼ੋ੍ਰਮਣੀ ਬਾਲ ਸਾਹਿਤਕਾਰ ਅਤੇ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਡਾ. ਕੁਲਬੀਰ ਸਿੰਘ ਸੂਰੀ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦਾ ਪੂਰਾ ਨਾਵਲ 'ਅੱਧੀ ਛੁੱਟੀ ਸਾਰੀ' ਸ਼ਾਹਮੁਖੀ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ | ਇਸ ਦੇ ਨਾਲ ਹੀ 'ਪੰਖੇਰੂ' ਦੇ ਇਸ ਅੰਕ ਵਿਚ ਕੁਝ ਪਾਕਿਸਤਾਨੀ ਸਾਹਿਤਕਾਰਾਂ ਵਲੋਂ ਡਾ. ਸੂਰੀ ਦੇ ਜੀਵਨ ਤੇ ਰਚਨਾਵਾਂ ਸੰਬੰਧੀ ਕੁਝ ਲੇਖ ਵੀ ਲਿਖੇ ਗਏ ਹਨ | ਰਸਾਲੇ ਦੇ ਅਖੀਰਲੇ ਪੰਨੇ 'ਤੇ ਡਾ. ਕੁਲਬੀਰ ਸਿੰਘ ਸੂਰੀ ਦੀ ਤਸਵੀਰ ਪ੍ਰਕਾਸ਼ਿਤ ਕਰਕੇ ਨਾਲ ਉਨ੍ਹਾਂ ਦੇ ਜੀਵਨ ਅਤੇ ਰਚਨਾਵਾਂ ਸੰਬੰਧੀ ਸੰਖੇਪ ਜਾਣਕਾਰੀ ਵੀ ਪ੍ਰਕਾਸ਼ਿਤ ਕੀਤੀ ਗਈ ਹੈ | ਇਸੇ ਦੌਰਾਨ ਗੱਲਬਾਤ ਕਰਦਿਆਂ ਡਾ. ਕੁਲਬੀਰ ਸਿੰਘ ਸੂਰੀ ਨੇ ਜਨਾਬ ਅਸ਼ਰਫ ਸੁਹੇਲ ਦਾ ਆਪਣੇ ਰਸਾਲੇ ਵਿਚ ਉਨ੍ਹਾਂ ਦਾ ਬਾਲ ਪੰਜਾਬੀ ਨਾਵਲ ਪ੍ਰਕਾਸ਼ਿਤ ਕਰਨ ਲਈ ਧੰਨਵਾਦ ਕੀਤਾ ਹੈ | ਦੱਸਣਯੋਗ ਹੈ ਕਿ ਡਾ. ਸੂਰੀ ਦਾ ਬਾਲ ਨਾਵਲ 'ਅੱਧੀ ਛੁੱਟੀ ਸਾਰੀ' 'ਅਜੀਤ' ਦੇ ਬਾਲ ਅੰਕ ਵਿਚ ਹਰ ਹਫ਼ਤੇ ਪ੍ਰਕਾਸ਼ਿਤ ਹੁੰਦਾ ਰਿਹਾ ਹੈ | ਇਥੇ ਇਹ ਵੀ ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਵੀ ਡਾ. ਕੁਲਬੀਰ ਸਿੰਘ ਸੂਰੀ ਦਾ ਬਾਲ ਨਾਵਲ 'ਦੁੱਧ ਦੀਆਂ ਧਾਰਾਂ' ਵੀ ਇਕ ਪਾਕਿਸਤਾਨੀ ਪੰਜਾਬੀ ਰਸਾਲੇ ਵਿਚ ਸ਼ਾਹਮੁਖੀ 'ਚ ਪ੍ਰਕਾਸ਼ਿਤ ਹੋ ਚੁੱਕਾ ਹੈ |
ਲਾਹੌਰ ਤੋਂ ਪ੍ਰਕਾਸ਼ਿਤ ਹੁੰਦੇ ਬਾਲ ਰਸਾਲੇ 'ਪੰਖੇਰੂ' 'ਚ ਡਾ. ਸੂਰੀ ਦਾ ਨਾਵਲ 'ਅੱਧੀ ਛੁੱਟੀ ਸਾਰੀ' ਸ਼ਾਹਮੁਖੀ 'ਚ ਪ੍ਰਕਾਸ਼ਿਤ <br/>
ਅਜੀਤ ਡੈਸਕ
30-01-2026