ਬਰਾਮਦਗੀ 'ਚ 21 ਪਿਸਤੌਲ, 22 ਮੈਗਜ਼ੀਨ, 310 ਕਾਰਤੂਸ ਤੇ 2.1 ਕਿੱਲੋ ਹੈਰੋਇਨ ਸ਼ਾਮਿਲ
ਫ਼ਾਜ਼ਿਲਕਾ, 29 ਜਨਵਰੀ (ਦਵਿੰਦਰ ਪਾਲ ਸਿੰਘ)-ਹਿੰਦ ਪਾਕਿ ਕੌਮਾਂਤਰੀ ਸਰਹੱਦ ਦੀ ਫ਼ਾਜ਼ਿਲਕਾ ਸੈਕਟਰ ਦੀ ਤੇਜਾ ਰੁਹੇਲਾ ਨੇੜੇ ਪੈਂਦੀ ਚੌਕੀ ਜੀ.ਜੀ3 ਤੋਂ ਭਾਰਤ ਵਿਚ ਹਥਿਆਰ ਤੇ ਨਸ਼ਿਆਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਬੀ.ਐਸ.ਐਫ. ਅਤੇ ਕਾਉਂਟਰ ਇੰਟੈਲੀਜੈਂਸ ਨੇ ਨਾਕਾਮ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਏ.ਆਈ.ਜੀ ਸੀ.ਆਈ. ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ ਪਾਕਿਸਤਾਨ ਵਾਲੇ ਪਾਸਿਓਾ ਨਸ਼ਾ ਤੇ ਹਥਿਆਰਾਂ ਦੇ ਤਸਕਰ ਭਾਰਤ ਖੇਤਰ ਅੰਦਰ ਵੱਡੀ ਗਿਣਤੀ ਵਿਚ ਸਮਾਨ ਪਹੁੰਚਾਉਣ ਦੀ ਤਾਕ ਵਿਚ ਹਨ, ਜਿਸ ਦੇ ਆਧਾਰ 'ਤੇ ਸੀ.ਆਈ.ਤੇ ਬੀ.ਐਸ.ਐਫ. ਦੇ ਜਵਾਨ ਅੰਤਰਰਾਸ਼ਟਰੀ ਸਰਹੱਦ 'ਤੇ ਤਿੱਖੀ ਨਜ਼ਰ ਰੱਖ ਰਹੇ ਸਨ | ਉਨ੍ਹਾਂ ਦੱਸਿਆ ਕਿ ਕਾਊਾਟਰ ਇੰਟੈਲੀਜੈਂਸ ਅਤੇ ਬੀ.ਐਸ.ਐਫ. ਦੇ ਜਵਾਨਾਂ ਨੇ ਪਿੰਡ ਤੇਜਾ ਰੁਹੇਲਾ ਦੀ ਸਰਹੱਦੀ ਚੌਕੀ ਨੇੜਿਓਾ 2.1 ਕਿੱਲੋ ਹੈਰੋਇਨ ਅਤੇ 21 ਅਤਿ-ਆਧੁਨਿਕ ਪਿਸਤੌਲਾਂ ਅਤੇ 22 ਮੈਗਜ਼ੀਨਾਂ ਸਮੇਤ ਗੋਲਾ ਬਾਰੂਦ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਬਰਾਮਦ ਪਿਸਤੌਲਾਂ 'ਚ 11 ਗਲੋਕ ਪਿਸਤੌਲ, ਪੰਜ ਜ਼ਿਗਾਨਾ ਪਿਸਤੌਲ, ਪੰਜ ਮੈਗਜ਼ੀਨਾਂ ਸਮੇਤ ਤਿੰਨ ਨੋਰਿੰਕੋ ਪਿਸਤੌਲ, ਇਕ ਮੈਗਜ਼ੀਨ ਸਮੇਤ ਗੱਫਰ ਸਕਿਉਰਿਟੀ ਪਿਸਤੌਲ (ਐਮ.ਪੀ-5 ਟਾਈਪ) ਅਤੇ 310 ਜ਼ਿੰਦਾ ਕਾਰਤੂਸ (9 ਐਮ.ਐਮ) ਬਰਾਮਦ ਹੋਏ ਹਨ | ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਆਧਾਰਤ ਤਸਕਰਾਂ ਨੇ ਕਾਰਵਾਈ ਨੂੰ ਅੰਜਾਮ ਦੇਣ ਲਈ ਜ਼ੀਰੋ ਲਾਈਨ ਪਾਰ ਕੀਤੀ ਅਤੇ ਰਾਤ ਦੇ ਹਨੇਰੇ ਅਤੇ ਸੰਘਣੀ ਧੁੰਦ ਦਾ ਫ਼ਾਇਦਾ ਉਠਾਉਂਦਿਆਂ ਭਾਰਤੀ ਖੇਤਰ ਵਿਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਾਊਾਟਰ ਇੰਟੈਲੀਜੈਂਸ ਅਤੇ ਬੀ.ਐਸ.ਐਫ. ਦੀ ਟੀਮ ਨੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ | ਏ.ਆਈ.ਜੀ. ਨੇ ਕਿਹਾ ਕਿ ਇਸ ਘਟਨਾ ਨਾਲ ਸੰਬੰਧਿਤ ਸਥਾਨਕ ਤਸਕਰ ਦਾ ਪਤਾ ਲਗਾ ਕੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ | ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਪੈਰਾਂ ਦੇ ਨਿਸ਼ਾਨਾਂ ਤੋਂ ਪਤਾ ਲੱਗਿਆ ਕਿ ਪਾਕਿਸਤਾਨੀ ਤਸਕਰ ਦੀ ਗਿਣਤੀ 3 ਜਾਂ 4 ਸੀ | ਇਸ ਸੰਬੰਧ ਵਿਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਸੀ ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪੁਲਿਸ ਥਾਣਾ ਐਸ.ਐਸ.ਓ.ਸੀ. ਫ਼ਾਜ਼ਿਲਕਾ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ |
ਫ਼ਾਜ਼ਿਲਕਾ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਹਥਿਆਰਾਂ ਤੇ ਨਸ਼ਿਆਂ ਦਾ ਜ਼ਖੀਰਾ ਬਰਾਮਦ
ਅਜੀਤ ਡੈਸਕ
30-01-2026