28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੌਰਾਨ ਹੰਸ ਰਾਜ ਹੰਸ ਨੇ ਸੂਫ਼ੀਆਨਾ ਗਾਇਕੀ ਨਾਲ ਬੰਨਿ੍ਹਆ ਰੰਗ

ਅਜੀਤ ਡੈਸਕ 30-01-2026

• ਪੰਜਾਬੀ ਯੂਨੀਵਰਸਿਟੀ ਆਮ ਲੋਕਾਂ ਦੀ 'ਵਰਸਿਟੀ ਹੈ-ਖੁੱਡੀਆਂ • ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਹੀ ਸਾਡਾ ਮੁੱਖ ਉਦੇਸ਼-ਡਾ. ਜਗਦੀਪ ਸਿੰਘ
ਪਟਿਆਲਾ, 29 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਕਰਵਾਈ ਜਾ ਰਹੀ 37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੌਰਾਨ ਕਰਵਾਈ ਗਈ 'ਸੂਫ਼ੀਆਨਾ ਸ਼ਾਮ' 'ਚ ਉਘੇ ਸੂਫ਼ੀ ਗਾਇਕ ਪਦਮਸ੍ਰੀ ਹੰਸਰਾਜ ਹੰਸ ਨੇ ਆਪਣੀ ਗਾਇਕੀ ਦਾ ਰੰਗ ਬੰਨਿ੍ਹਆ | ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਕਲਾ ਦੇ ਖੇਤਰ 'ਚ ਕੰਮ ਕਰਨ ਵਾਲੇ ਬੰਦਿਆਂ ਲਈ ਮੱਕਾ ਹੈ | ਹੰਸ ਨੇ ਕਿਹਾ ਕਿ ਉਹ ਰਿਣੀ ਹਨ ਕਿ ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਹੈ | ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਮ ਲੋਕਾਂ ਦੀ ਯੂਨੀਵਰਸਿਟੀ ਹੈ | ਉਨ੍ਹਾਂ ਕਿਹਾ ਕਿ ਆਧੁਨਿਕ ਦੌਰ 'ਚ ਸ਼ਬਦਾਵਲੀ 'ਚ ਬਹੁਤ ਬਦਲਾਅ ਆ ਰਹੇ ਹਨ, ਇਸ ਲਈ ਨਵੇਂ ਸਮੇਂ ਦੀ ਲੋੜ ਅਨੁਸਾਰ ਨਵੇਂ ਸ਼ਬਦ-ਕੋਸ਼, ਨਵੀਆਂ ਡਿਕਸ਼ਨਰੀਆਂ ਬਣਾਉਣ ਅਤੇ ਪੁਰਾਣੇ ਕੰਮ ਦਾ ਮੁਲਾਂਕਣ ਕਰਨ ਦੀ ਲੋੜ ਹੈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਹੀ ਯੂਨੀਵਰਸਿਟੀ ਦਾ ਮੁੱਖ ਉਦੇਸ਼ ਹੈ | ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿਕਾਸ ਕਾਨਫ਼ਰੰਸ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਅਜੋਕੇ ਸਮੇਂ ਵੱਖ-ਵੱਖ ਅਨੁਸ਼ਾਸਨਾਂ ਦੀ ਪੜ੍ਹਾਈ ਸਮੇਂ ਕੀ ਕੁਝ ਕੀਤਾ ਜਾ ਸਕਦਾ ਹੈ | ਮੰਚ ਸੰਚਾਲਨ ਡਾ. ਵੀਰਪਾਲ ਸਿੱਧੂ ਨੇ ਕੀਤਾ | ਕਾਨਫ਼ਰੰਸ ਦੇ ਦੂਜੇ ਦਿਨ ਦੀਆਂ ਅਕਾਦਮਿਕ ਬੈਠਕਾਂ 'ਚ ਡਾ. ਕੁਲਦੀਪ ਸਿੰਘ ਦੀਪ ਨੇ ਨਾਟਕ ਅਤੇ ਰੰਗਮੰਚ ਦੇ ਅਧਿਆਪਨ ਸੰਬੰਧੀ ਆਉਂਦੀਆਂ ਸਮੱਸਿਆਵਾਂ, ਡਾ. ਨਿਵੇਦਿਤਾ ਸਿੰਘ ਨੇ ਸੰਗੀਤ ਪੜ੍ਹਾਉਣ ਸਮੇਂ ਆਉਂਦੀਆਂ ਸਮੱਸਿਆਵਾਂ ਅਤੇ ਸਮਾਧਾਨ, ਡਾ. ਨੀਤੂ ਰਾਣੀ ਨੇ ਮਾਤ-ਭਾਸ਼ਾ ਦੀ ਸਿੱਖਿਆ ਪ੍ਰਤਿਰੋਧ ਦੇ ਸੰਦ ਵਜੋਂ ਅਤੇ ਡਾ. ਰਾਜਵੰਤ ਕੌਰ ਪੰਜਾਬੀ ਤਕਨੀਕੀ ਯੁੱਗ 'ਚ ਉਚੇਰੀ ਸਿੱਖਿਆ 'ਚ ਲੋਕ-ਧਾਰਾ ਦਾ ਅਧਿਆਪਨ ਕਰਨ ਸਮੇਂ ਆਉਂਦੀਆਂ ਸਮੱਸਿਆਵਾਂ ਵਿਸ਼ੇ 'ਤੇ ਪੇਪਰ ਪੇਸ਼ ਕੀਤੇ | ਇਸ ਸੈਸ਼ਨ ਦੀ ਪ੍ਰਧਾਨਗੀ ਉਘੇ ਵਾਰਤਾਕਾਰ ਡਾ. ਹਰਪਾਲ ਸਿੰਘ ਪੰਨੂ ਨੇ ਕੀਤੀ | ਪੰਜਾਬੀ ਭਾਸ਼ਾ ਦੀ ਵਰਤੋਂ 'ਚ ਕੀਤੇ ਗਏ ਵਿਅਕਤੀਗਤ ਉੱਦਮਾਂ ਬਾਰੇ ਰੱਖੀ ਗਈ ਵਿਚਾਰ-ਚਰਚਾ 'ਚ ਮਨਦੀਪ ਸਿੰਘ ਚਹਿਲ, ਡਾ. ਯੋਗਰਾਜ ਅੰਗਰਿਸ਼, ਪ੍ਰੋਫ਼ੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਸਤਦੀਪ ਗਿੱਲ ਨੇ ਹਿੱਸਾ ਲਿਆ, ਜਿਸ ਦੀ ਪ੍ਰਧਾਨਗੀ ਉਘੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ | ਸਮਾਜ-ਵਿਗਿਆਨ ਦੇ ਖੇਤਰ 'ਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਹੋਏ ਸੈਸ਼ਨ 'ਚ ਡਾ. ਸੁਖਮਿੰਦਰ ਕੌਰ, ਡਾ. ਕੁਲਦੀਪ ਸਿੰਘ, ਡਾ. ਜਤਿੰਦਰ ਗਰੋਵਰ ਅਤੇ ਡਾ. ਸਤਬੀਰ ਸਿੰਘ ਨੇ ਪੇਪਰ ਪੇਸ਼ ਕੀਤੇ | ਇਸ ਸੈਸ਼ਨ ਦੀ ਪ੍ਰਧਾਨਗੀ ਉਘੇ ਇਤਿਹਾਸਕਾਰ ਡਾ. ਸੁਮੇਲ ਸਿੰਘ ਸਿੱਧੂ ਨੇ ਕੀਤੀ | ਇਸ ਮੌਕੇ ਡਾ. ਸਤੀਸ਼ ਕੁਮਾਰ ਵਰਮਾ, ਡਾ. ਸੁਰਜੀਤ ਸਿੰਘ ਭੱਟੀ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ, ਡਾ. ਰਾਜਿੰਦਰ ਲਹਿਰੀ, ਡਾ. ਗੁਰਮੁਖ ਸਿੰਘ, ਡਾ. ਸੁਰਜੀਤ ਸਿੰਘ, ਡਾ. ਰਾਜਵਿੰਦਰ ਸਿੰਘ, ਡਾ. ਰਾਜਮੋਹਿੰਦਰ ਕੌਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਤਰਨ ਤਾਰਨ ਵਿਖੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ <br/> ਅਗਲੀ ਖ਼ਬਰ ਨਾਭਾ ਜੇਲ੍ਹ 'ਚ ਨਜ਼ਰਬੰਦ ਮਜੀਠੀਆ ਨਾਲ ਸੁਖਬੀਰ ਸਿੰਘ ਬਾਦਲ ਵਲੋਂ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।