ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਸਾਰੇ ਹੀ ਝੂਠੇ ਪਰਚੇ ਰੱਦ ਕੀਤੇ ਜਾਣਗੇ-ਸੁਖਬੀਰ
ਨਾਭਾ, 29 ਜਨਵਰੀ (ਜਗਨਾਰ ਸਿੰਘ ਦੁਲੱਦੀ)-ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਨਜ਼ਰਬੰਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਅੱਜ ਪਾਰਟੀ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੇਲ੍ਹ ਵਿਚ ਪਹੁੰਚੇ | ਜ਼ਿਕਰਯੋਗ ਹੈ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਭਾ ਜੇਲ੍ਹ ਵਿਚ ਪਿਛਲੇ ਕਰੀਬ 7 ਮਹੀਨਿਆਂ ਤੋਂ ਨਜ਼ਰਬੰਦ ਹਨ | ਸੁਖਬੀਰ ਸਿੰਘ ਬਾਦਲ ਵਲੋਂ ਬਿਕਰਮ ਸਿੰਘ ਮਜੀਠੀਆ ਨਾਲ ਕਰੀਬ ਅੱਧਾ ਘੰਟਾ ਮੁਲਾਕਾਤ ਕੀਤੀ ਗਈ | ਉਪਰੰਤ ਜੇਲ੍ਹ ਦੇ ਬਾਹਰ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਜੇਲ੍ਹ ਵਿਚ ਤੰਦਰੁਸਤ ਅਤੇ ਚੜ੍ਹਦੀਕਲਾ 'ਚ ਹਨ | ਉਨ੍ਹਾਂ ਪੰਜਾਬ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੱਤਾ ਦੇ ਨਸ਼ੇ ਵਿਚ ਆ ਕੇ ਜੋ ਝੂਠੇ ਪਰਚੇ ਕੀਤੇ ਜਾ ਰਹੇ ਹਨ, ਸਾਡੀ ਸਰਕਾਰ ਆਉਣ 'ਤੇ ਉਨ੍ਹਾਂ ਸਾਰੇ ਪਰਚਿਆਂ ਨੂੰ ਸਾਡੇ ਵਲੋਂ ਰੱਦ ਕੀਤਾ ਜਾਵੇਗਾ | ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਅਧਿਕਾਰੀ ਵੀ ਆਪਣੇ ਆਪ ਨੂੰ ਵੇਖ ਲੈਣ ਜੋ ਝੂਠੇ ਪਰਚੇ ਕਰ ਰਹੇ ਹਨ, ਸਾਡੀ ਸਰਕਾਰ ਆਉਣ 'ਤੇ ਉਨ੍ਹਾਂ ਅਧਿਕਾਰੀਆਂ ਨਾਲ ਵੀ ਹਿਸਾਬ-ਕਿਤਾਬ ਕਰਾਂਗੇ | ਪੰਜਾਬ ਦੇ ਪਾਣੀਆਂ ਦੇ ਮੁੱਦਿਆਂ 'ਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਕੇਂਦਰ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ, ਦੇ ਬਾਵਜੂਦ ਪੰਜਾਬ ਦੇ ਲੋਕ ਇਕ ਵੀ ਬੂੰਦ ਪਾਣੀ ਦੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ | ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਵਰਗੀ ਬਾਦਲ ਵਲੋਂ ਜਿਥੇ ਪਾਣੀਆਂ ਦੇ ਮਸਲੇ ਨੂੰ ਮੁੱਢੋਂ ਰੱਦ ਕੀਤਾ ਗਿਆ ਸੀ, ਉਥੇ ਉਨ੍ਹਾਂ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਵੀ ਵਾਪਸ ਕਰ ਦਿੱਤੀਆਂ ਗਈਆਂ ਸਨ | ਪੰਜਾਬ 'ਚ ਦਿਨੋ-ਦਿਨ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਸੰਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 20 ਦਿਨਾਂ ਦੇ ਦੌਰਾਨ ਪੰਜਾਬ ਵਿਚ ਕਰੀਬ 25 ਤੋਂ 30 ਹੱਤਿਆਵਾਂ ਹੋ ਗਈਆਂ ਹਨ ਅਤੇ ਗੈਂਗਸਟਰਾਂ ਵਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਫਿਰੌਤੀਆਂ ਨਾ ਦੇਣ 'ਤੇ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਸ਼ਹਿਰੀ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਸੰਜੀਵ ਸ਼ਰਮਾ ਦੁਲੱਦੀ, ਮੋਹਨ ਸਿੰਘ ਰਾਮਗੜ੍ਹ, ਵਰੁਣ ਜੈਨ, ਮਨਦੀਪ ਸਿੰਘ ਤੂੰਗਾਂ, ਦਰਸ਼ਨ ਸਿੰਘ ਖਹਿਰਾ, ਬਬਲੂ ਚੌਹਾਨ ਆਦਿ ਅਕਾਲੀ ਵਰਕਰ ਮੌਜੂਦ ਸਨ |
ਨਾਭਾ ਜੇਲ੍ਹ 'ਚ ਨਜ਼ਰਬੰਦ ਮਜੀਠੀਆ ਨਾਲ ਸੁਖਬੀਰ ਸਿੰਘ ਬਾਦਲ ਵਲੋਂ ਮੁਲਾਕਾਤ
ਅਜੀਤ ਡੈਸਕ
30-01-2026