28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਐਸ.ਆਈ.ਟੀ. ਨੇ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਤੋਂ ਹਾਸਿਲ ਕੀਤਾ ਰਿਕਾਰਡ

ਅਜੀਤ ਡੈਸਕ 30-01-2026

ਐਸ.ਆਈ.ਟੀ. ਵਲੋਂ ਮੰਗਿਆ ਲੋੜੀਂਦਾ ਰਿਕਾਰਡ ਮੁਹੱਈਆ ਕਰਵਾ ਦਿੱਤਾ ਗਿਆ ਹੈ-ਐਡਵੋਕੇਟ ਧਾਮੀ
ਚੰਡੀਗੜ੍ਹ, 29 ਜਨਵਰੀ (ਕਪਿਲ ਵਧਵਾ)–ਸ਼੍ਰੋਮਣੀ ਕਮੇਟੀ ਦੇ ਸੈਕਟਰ-5 ਸਥਿਤ ਉਪ ਦਫ਼ਤਰ ਵਿਖੇ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦੀ ਇਕ ਟੀਮ ਵੀਰਵਾਰ ਦੁਪਹਿਰ ਕਰੀਬ 1:50 ਵਜੇ ਪਹੁੰਚੀ | ਏ.ਆਈ.ਜੀ. ਜਗਤਪ੍ਰੀਤ ਸਿੰਘ ਅਤੇ ਐਸ.ਪੀ. ਗੁਰਬੰਸ ਸਿੰਘ ਦੀ ਅਗਵਾਈ ਹੇਠ ਪਹੁੰਚੀ ਜਾਂਚ ਟੀਮ ਕਈ ਬੈਗਾਂ ਸਮੇਤ ਪਿ੍ੰਟਰ ਆਦਿ ਸਮਾਨ ਨਾਲ ਉਪ ਦਫ਼ਤਰ ਵਿਚ ਦਾਖਲ ਹੋਈ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹਿਲਾਂ ਤੋਂ ਹੀ ਹਾਜ਼ਰ ਸਨ | ਐਸ. ਆਈ. ਟੀ. ਵਲੋਂ ਰਿਕਾਰਡ ਇਕੱਠਾ ਕਰਨ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੰਦਰ ਸ਼ੁਰੂ ਕੀਤੀ ਗਈ, ਜਿਥੇ ਅਹੁਦੇਦਾਰਾਂ ਨਾਲ ਲੰਮੀ ਗੱਲਬਾਤ ਹੋਈ | ਜਾਣਕਾਰੀ ਅਨੁਸਾਰ ਲਗਭਗ ਤਿੰਨ ਘੰਟਿਆਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਮਰਯਾਦਾ, ਛਪਾਈ ਅਤੇ ਰੱਖ-ਰਖਾਅ ਨਾਲ ਸੰਬੰਧਿਤ ਰਿਕਾਰਡਾਂ ਬਾਰੇ ਵਿਸਥਾਰਿਤ ਵਿਚਾਰ-ਵਟਾਂਦਰਾ ਕੀਤਾ ਗਿਆ | ਐਸ. ਆਈ. ਟੀ. ਮੁਖੀ ਏ.ਆਈ.ਜੀ. ਜਗਤਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਵਲੋਂ ਜਾਂਚ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਸਾਲ 2008 ਵਿਚ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਕਟ ਦੇ ਲਾਗੂ ਹੋਣ ਤੋਂ ਬਾਅਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਕੀਤੀ ਗਈ ਛਪਾਈ ਅਤੇ ਉਸ ਦੀ ਰੱਖ-ਰਖਾਅ ਸੰਬੰਧੀ ਪੂਰੇ ਰਿਕਾਰਡ ਦੀ ਮੰਗ ਐਸ. ਆਈ. ਟੀ. ਵਲੋਂ ਕੀਤੀ ਗਈ ਸੀ | ਦੱਸ ਦਈਏ ਕਿ ਐਸ. ਆਈ. ਟੀ. ਦੇ ਅਧਿਕਾਰੀ ਜਿਥੇ ਖਾਲੀ ਬੈਗ ਲੈ ਕੇ ਉਪ ਦਫ਼ਤਰ ਪਹੁੰਚੇ ਸਨ, ਉਥੇ ਹੀ ਜਾਂਚ ਮਗਰੋਂ ਇਹ ਬੈਗ ਰਿਕਾਰਡ ਨਾਲ ਭਰ ਕੇ ਵਾਪਸ ਲੈ ਕੇ ਗਏ | ਜਾਣਕਾਰੀ ਮੁਤਾਬਕ ਰਿਕਾਰਡ ਸੰਬੰਧੀ ਲਗਭਗ 20 ਬਿੰਦੂ ਲਿਖਤੀ ਰੂਪ ਵਿਚ ਸ਼੍ਰੋਮਣੀ ਕਮੇਟੀ ਨੂੰ ਸੌਂਪੇ ਗਏ ਹਨ, ਜਿਨ੍ਹਾਂ ਬਾਰੇ ਐਸ.ਆਈ.ਟੀ. ਵਲੋਂ ਫਿਲਹਾਲ ਪੱਤਰਕਾਰਾਂ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ | ਜਾਂਚ ਨੂੰ ਨਿਰਧਾਰਿਤ ਸਮੇਂ ਵਿਚ ਪੂਰਾ ਕਰਨ ਸੰਬੰਧੀ ਪੁੱਛੇ ਸਵਾਲ 'ਤੇ ਐਸ.ਪੀ. ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਜਾਂਚ ਨੂੰ ਪੂਰਾ ਕਰਨ ਵਿਚ ਸਮਾਂ ਲੱਗ ਸਕਦਾ ਹੈ | ਗਿ੍ਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਫ਼ਿਲਹਾਲ ਐਸ. ਆਈ. ਟੀ. ਦਾ ਧਿਆਨ ਹਾਸਿਲ ਕੀਤੇ ਗਏ ਰਿਕਾਰਡ ਦੀ ਗਹਿਰਾਈ ਨਾਲ ਘੋਖ ਕਰਨਾ ਹੈ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਾਂ ਦੇ ਮੱਦੇਨਜ਼ਰ ਉਹ ਇਸ ਮਾਮਲੇ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ | ਉਨ੍ਹਾਂ ਕਿਹਾ ਕਿ ਐਸ.ਆਈ.ਟੀ. ਵਲੋਂ ਮੰਗਿਆ ਗਿਆ ਸਾਰਾ ਲੋੜੀਂਦਾ ਰਿਕਾਰਡ ਮੁਹੱਈਆ ਕਰਵਾ ਦਿੱਤਾ ਗਿਆ ਹੈ ਤੇ ਭਵਿੱਖ ਵਿਚ ਜੇ ਹੋਰ ਕੋਈ ਰਿਕਾਰਡ ਮੰਗਿਆ ਗਿਆ ਤਾਂ ਉਹ ਵੀ ਦਿੱਤਾ ਜਾਵੇਗਾ |
'ਸਿੱਟ' ਵਲੋਂ ਸ਼ੋ੍ਰਮਣੀ ਕਮੇਟੀ ਦੇ ਹੋਰ ਤਤਕਾਲੀ ਤੇ ਮੌਜੂਦਾ ਕਰਮਚਾਰੀਆਂ-ਅਧਿਕਾਰੀਆਂ ਨੂੰ ਵੀ ਕੀਤਾ ਜਾ ਸਕਦਾ ਪੜਤਾਲ 'ਚ ਸ਼ਾਮਿਲ
ਅੰਮਿ੍ਤਸਰ, 29 ਜਨਵਰੀ (ਜਸਵੰਤ ਸਿੰਘ ਜੱਸ)-328 ਪਾਵਨ ਸਰੂਪ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਗਠਿਤ 'ਸਿੱਟ' ਵਲੋਂ ਡਾ. ਈਸ਼ਰ ਸਿੰਘ ਕਮਿਸ਼ਨ ਵਲੋਂ ਕੀਤੀ ਜਾਂਚ ਵਿਚ ਦੋਸ਼ੀ ਪਾਏ ਗਏ 16 ਦੇ ਕਰੀਬ ਅਧਿਕਾਰੀਆਂ, ਕਰਮਚਾਰੀਆਂ ਤੋਂ ਇਲਾਵਾ ਇਸ ਮਾਮਲੇ 'ਚ ਗਵਾਹੀ ਦੇਣ ਵਾਲੇ ਸ਼ੋ੍ਰਮਣੀ ਕਮੇਟੀ ਦੇ ਤਿੰਨ ਦਰਜਨ ਦੇ ਕਰੀਬ ਹੋਰ ਸਾਬਕਾ ਤੇ ਮੌਜੂਦਾ ਅਧਿਕਾਰੀਆਂ ਨੂੰ ਵੀ ਤਲਬ ਕੀਤੇ ਜਾਣ ਦੀ ਸੰਭਾਵਨਾ ਹੈ | ਪ੍ਰਾਪਤ ਵੇਰਵਿਆਂ ਅਨੁਸਾਰ 'ਸਿੱਟ' ਵਲੋਂ ਅਗਲੇਰੀ ਜਾਂਚ ਲਈ ਜਿਨ੍ਹਾਂ ਹੋਰ ਮੌਜੂਦਾ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਪੜਤਾਲ ਵਿਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਹੈ, ਉਨ੍ਹਾਂ ਵਿਚ ਕਈ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਸਕੱਤਰ ਅਤੇ ਹੋਰ ਵੱਖ-ਵੱਖ ਅਹੁਦਿਆਂ 'ਤੇ ਮੌਜੂਦ ਅਤੇ ਸੇਵਾ-ਮੁਕਤ ਅਧਿਕਾਰੀ ਤੇ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਸੀ.ਏ. ਕੋਹਲੀ ਐਡ ਐਸੋਸੀਏਟਸ ਵਿਚ ਕੰਮ ਕਰਨ ਵਾਲੇ ਕਈ ਕਰਮਚਾਰੀਆਂ ਦੇ ਨਾਂਅ ਵੀ ਸ਼ਾਮਿਲ ਦੱਸੇ ਜਾਂਦੇ ਹਨ | ਇਨ੍ਹਾਂ ਵਿਅਕਤੀਆਂ ਨੂੰ ਗਵਾਹੀ ਲਈ 'ਸਿੱਟ' ਵਲੋਂ ਇੱਕ ਦੋ ਦਿਨਾਂ ਅੰਦਰ ਪੜ੍ਹਤਾਲ ਵਿਚ ਸ਼ਾਮਿਲ ਹੋਣ ਲਈ ਬੁਲਾਏ ਜਾਣ ਦੀ ਸੰ ਭਾਵਨਾ ਹੈ |

ਪਿਛਲੀ ਖ਼ਬਰ ਨਾਭਾ ਜੇਲ੍ਹ 'ਚ ਨਜ਼ਰਬੰਦ ਮਜੀਠੀਆ ਨਾਲ ਸੁਖਬੀਰ ਸਿੰਘ ਬਾਦਲ ਵਲੋਂ ਮੁਲਾਕਾਤ ਅਗਲੀ ਖ਼ਬਰ ਸੁਨਿਆਰੇ ਵਲੋਂ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।