ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਹੇਠ 3 ਸੋਨਾ ਕਾਰੋਬਾਰੀਆਂ ਖ਼ਿਲਾਫ਼ ਪਰਚਾ ਦਰਜ
ਅੰਮਿ੍ਤਸਰ, 29 ਜਨਵਰੀ (ਰੇਸ਼ਮ ਸਿੰਘ)-ਇਥੇ ਥਾਣਾ ਬੀ. ਡਵੀਜ਼ਨ ਦੇ ਖੇਤਰ ਸੁਲਤਾਨਵਿੰਡ ਰੋਡ ਵਿਖੇ ਇਕ ਸੋਨਾ ਕਾਰੋਬਾਰੀ ਵਲੋਂ ਆਪਣੇ ਲਾਇਸੰਸੀ ਪਿਸਤੌਲ ਨਾਲ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ | ਮਿ੍ਤਕ ਸੋਨਾ ਕਾਰੋਬਾਰੀ ਦੀ ਸ਼ਨਾਖਤ ਜਸਬੀਰ ਸਿੰਘ ਵਾਸੀ ਗਲੀ ਢਾਬੇ ਵਾਲੀ ਸ਼ਹੀਦ ਊਧਮ ਸਿੰਘ ਨਗਰ ਸੁਲਤਾਨਵਿੰਡ ਰੋਡ ਅੰਮਿ੍ਤਸਰ ਵਜੋਂ ਹੋਈ ਹੈ | ਮਿ੍ਤਕ ਦੇ ਪੱੁਤਰ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਉਹ, ਉਸ ਦਾ ਪਿਤਾ ਤੇ ਤਾਏ ਦਾ ਪੁੱਤਰ ਸਾਂਝੇ ਤੌਰ 'ਤੇ ਸੋਨੇ ਦਾ ਕਾਰੋਬਾਰ ਕਰਦੇ ਹਨ, ਜਿਸ ਤਹਿਤ ਸੋਨੇ ਦੀਆਂ ਤੀਲੀਆਂ ਤਿਆਰ ਕਰਕੇ ਵਪਾਰੀਆਂ ਨੂੰ ਦਿੰਦੇ ਸਨ, ਜੋ ਬਾਹਰ ਮੰਡੀਆਂ 'ਚ ਵੇਚ ਦਿੰਦੇ ਹਨ | ਇਸੇ ਤਰ੍ਹਾਂ ਉਨ੍ਹਾਂ ਪਾਸੋਂ 2019 'ਚ 402 ਗ੍ਰਾਮ ਸੋਨੇ ਦੀਆਂ ਤੀਲੀਆਂ ਕੋਕੇ ਤਿਆਰ ਕਰਵਾਏ ਗਏ ਸਨ, ਜੋ ਬਾਹਰ ਵੇਚਣ ਲਈ ਸੰਬੰਧਤ ਵਿਅਕਤੀਆਂ ਨੂੰ ਦਿੱਤੀਆ ਗਈਆਂ ਸਨ, ਜਿਨ੍ਹਾਂ ਨੇ ਕੋਈ ਅਦਾਇਗੀ ਨਹੀਂ ਕੀਤੀ ਤੇ ਨਾ ਹੀ ਸੋਨਾ ਵਾਪਸ ਕੀਤਾ | ਇਸ ਲਈ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜੋ ਕੇਸ ਹੁਣ ਗਵਾਹੀਆਂ 'ਤੇ ਸੀ ਤੇ ਉਨ੍ਹਾਂ ਨੂੰ ਕੇਸ 'ਚ ਗਵਾਹੀ ਨਾ ਦੇਣ ਲਈ ਧਮਕਾਇਆ ਜਾ ਰਿਹਾ ਸੀ, ਜਿਸ ਤੋਂ ਦੁਖੀ ਹੋ ਕੇ ਉਸ ਦੇ ਪਿਤਾ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ | ਥਾਣਾ ਬੀ.ਡਵੀਜ਼ਨ ਦੀ ਪੁਲਿਸ ਵਲੋਂ ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਬਲਦੇਵ ਸਿੰਘ ਵਾਸੀ ਨਿਊ ਤੇਜ ਨਗਰ, ਗੁਰਦੀਪ ਸਿੰਘ ਵਾਸੀ ਨਿਊ ਤੇਜ਼ ਨਗਰ ਸੁਲਤਾਨਵਿੰਡ ਰੋਡ ਅਤੇ ਸਾਗਰ ਰਾਜਪੂਤ ਵਾਸੀ ਮੰਦਰ ਵਾਲਾ ਬਜ਼ਾਰ ਨੂੰ ਨਾਮਜਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਮੁਖੀ ਇੰਸ: ਬਲਜਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਮਿ੍ਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ |
ਸੁਨਿਆਰੇ ਵਲੋਂ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ
ਅਜੀਤ ਡੈਸਕ
30-01-2026