ਜ਼ੀਰਕਪੁਰ, 29 ਜਨਵਰੀ (ਹੈਪੀ ਪੰਡਵਾਲਾ/ਮਨਿੰਦਰ ਸਿੰਘ)-ਇਥੋਂ ਦੀ ਪੀ. ਆਰ-7 ਏਅਰਪੋਰਟ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਫਾਰਚੂਨਰ ਗੱਡੀ 'ਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਕਰੀਬ 6 ਜਣੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜ਼ਖ਼ਮੀਆਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ | ਜ਼ਖ਼ਮੀਆਂ 'ਚ ਚਾਰ ਫਾਰਚੂਨਰ ਸਵਾਰ ਅਤੇ ਦੋ ਥ੍ਰੀ-ਵ੍ਹੀਲਰ ਸਵਾਰ ਸ਼ਾਮਿਲ ਹਨ | ਮਿ੍ਤਕਾਂ ਦੀ ਪਛਾਣ ਹਰਜੀਤ ਸਿੰਘ (35) ਵਾਸੀ ਪਿੰਡ ਚੁੰਨ੍ਹੀ (ਸ੍ਰੀ ਫ਼ਤਹਿਗੜ੍ਹ ਸਾਹਿਬ), ਬਲਵੀਰ ਸਿੰਘ (70) ਤੇ ਅਮਰੀਕ ਸਿੰਘ (68) ਵਜੋਂ ਹੋਈ ਹੈ | ਜਾਣਕਾਰੀ ਮੁਤਾਬਿਕ ਇਕ ਫਾਰਚੂਨਰ, ਜਿਸ 'ਚ ਅੱਠ ਲੋਕ ਸਵਾਰ ਸਨ, ਜ਼ੀਰਕਪੁਰ ਤੋਂ ਮੁਹਾਲੀ ਵੱਲ ਜਾ ਰਹੀ ਸਨ | ਇਸ ਦੌਰਾਨ ਜਦੋਂ ਫਾਰਚੂਨਰ ਐਰੋਸਿਟੀ ਰੋਡ 'ਤੇ ਸਥਿਤ ਯਮੀ ਜੰਗਲ ਰੈਸਟੋਰੈਂਟ ਦੇ ਸਾਹਮਣੇ ਪਹੁੰਚੀ ਤਾਂ ਰਫ਼ਤਾਰ ਤੇਜ਼ ਹੋਣ ਕਾਰਨ ਫਾਰਚੂਨਰ ਨੇ ਪਹਿਲਾਂ ਅੱਗੇ ਜਾ ਰਹੇ ਸਵਾਰੀਆਂ ਨਾਲ ਭਰੇ ਇਕ ਆਟੋ ਨੂੰ ਟੱਕਰ ਮਾਰੀ ਅਤੇ ਬਾਅਦ 'ਚ ਫਾਰਚੂਨਰ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰਾਲੇ ਦੇ ਪਿੱਛੇ ਜਾ ਵੜੀ | ਟੱਕਰ ਇੰਨੀ ਜ਼ੋਰਦਾਰ ਸੀ ਕਿ ਫਾਰਚੂਨਰ ਬੁਰੀ ਤਰ੍ਹਾਂ ਨੁਕਸਾਨੀ ਗਈ | ਹਾਦਸੇ 'ਚ ਫਾਰਚੂਨਰ 'ਚ ਸਵਾਰ ਕੁਝ ਔਰਤਾਂ ਅਤੇ ਬੱਚੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸਾਂ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਹਾਲਤ ਨਾਜੁਕ ਹੋਣ ਕਾਰਨ ਚੰਡੀਗੜ੍ਹ ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ | ਆਟੋ 'ਚ ਸਵਾਰ ਜ਼ਖ਼ਮੀਆਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ | ਟੱਕਰ ਤੋਂ ਬਾਅਦ ਫਾਰਚੂਨਰ ਦਾ ਡਰਾਈਵਰ ਗੱਡੀ ਅੰਦਰ ਫਸ ਗਿਆ, ਜਿਸ ਨੂੰ ਪੁਲਿਸ ਅਤੇ ਸਥਾਨਕ ਲੋਕਾਂ ਨੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ | ਸੂਚਨਾ ਮਿਲਦੇ ਹੀ ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ | ਜਾਣਕਾਰੀ ਅਨੁਸਾਰ ਮਿ੍ਤਕ ਅਮਰੀਕ ਸਿੰਘ ਅਤੇ ਬਲਬੀਰ ਸਿੰਘ ਆਪਸ 'ਚ ਭਰਾ ਹਨ ਅਤੇ ਮਿ੍ਤਕ ਹਰਜੀਤ ਸਿੰਘ ਜੋ ਕਿ ਗੱਡੀ ਚਲਾ ਰਿਹਾ ਸੀ, ਮਿ੍ਤਕ ਅਮਰੀਕ ਸਿੰਘ ਦਾ ਪੁੱਤਰ ਸੀ | ਜ਼ਖ਼ਮੀਆਂ ਦੀ ਪਛਾਣ ਮਿ੍ਤਕ ਬਲਬੀਰ ਸਿੰਘ ਦੇ ਲੜਕੇ ਹਰਵਿੰਦਰ ਸਿੰਘ, ਉਸ ਦੀ ਪਤਨੀ ਗਗਨਰੂਪ ਕੌਰ, ਉਨ੍ਹਾਂ ਦੇ ਦੋ ਸਾਲਾ ਲੜਕੇ ਵੀਰਜੋਤ ਸਿੰਘ ਅਤੇ ਇਕ ਸਾਲਾ ਲੜਕੀ ਅਭੀਰੂਪ ਕੌਰ ਵਜੋਂ ਹੋਈ ਹੈ, ਜਦਕਿ ਥ੍ਰੀ-ਵ੍ਹੀਲਰ ਸਵਾਰ ਜ਼ਖਮੀਆਂ ਦੀ ਪਛਾਣ ਬੂਟਾ ਸਿੰਘ ਤੇ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ | ਜ਼ਖਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਕਿ ਸਾਰਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ |
ਭਿਆਨਕ ਸੜਕ ਹਾਦਸੇ 'ਚ ਤੇਜ਼ ਰਫ਼ਤਾਰ ਫਾਰਚੂਨਰ ਸਵਾਰ 3 ਜਣਿਆਂ ਦੀ ਮੌਤ <br/>
ਅਜੀਤ ਡੈਸਕ
30-01-2026