ਚੰਡੀਗੜ੍ਹ, 29 ਜਨਵਰੀ (ਕਪਿਲ ਵਧਵਾ)-ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿਚ ਮੁੱਖ ਮੰਤਰੀ ਦਫ਼ਤਰ ਨੂੰ ਵੀਰਵਾਰ ਸਵੇਰੇ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਹੜਕੰਪ ਮੱਚ ਗਿਆ | ਧਮਕੀ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਅਲਰਟ ਮੋਡ 'ਚ ਆ ਗਈਆਂ ਅਤੇ ਸਾਵਧਾਨੀ ਵਜੋਂ ਪੰਜਾਬ ਸਕੱਤਰੇਤ ਦੇ ਨਾਲ-ਨਾਲ ਹਰਿਆਣਾ ਸਕੱਤਰੇਤ ਦੇ ਕੰਪਲੈਕਸ ਨੂੰ ਵੀ ਖ਼ਾਲੀ ਕਰਵਾ ਲਿਆ ਗਿਆ ਅਤੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ | ਦੱਸ ਦਈਏ ਕਿ ਸੈਕਟਰ-9 ਸਥਿਤ ਮਿੰਨੀ ਸਕੱਤਰੇਤ ਅਤੇ ਸੈਕਟਰ-35 ਸਥਿਤ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਵੀ ਧਮਕੀ ਮਿਲਣ ਦੇ ਮੱਦੇਨਜ਼ਰ ਖ਼ਾਲੀ ਕਰਵਾ ਲਿਆ ਗਿਆ ਸੀ ਅਤੇ ਉਥੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ | ਜਾਣਕਾਰੀ ਅਨੁਸਾਰ ਧਮਕੀ ਭਰੀ ਈ-ਮੇਲ 'ਖ਼ਾਲਿਸਤਾਨ ਨੈਸ਼ਨਲ ਆਰਮੀ' ਦੇ ਨਾਂਅ 'ਤੇ ਭੇਜੀ ਗਈ ਹੈ | ਇਹ ਈਮੇਲ 'ਐਮ ਗਿੱਲ' ਨਾਂਅ ਦੇ ਜੀਮੇਲ ਅਕਾਊਾਟ ਤੋਂ ਭੇਜੀ ਗਈ ਦੱਸੀ ਜਾ ਰਹੀ ਹੈ, ਜਿਸ 'ਚ ਇੰਜੀਨੀਅਰ ਗੁਰਨਾਖ ਸਿੰਘ ਰੁਕਨ ਸ਼ਾਹਵਾਲਾ ਦੇ ਨਾਂਅ ਨਾਲ ਧਮਕੀ ਦਿੱਤੀ ਗਈ | ਈ-ਮੇਲ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਗਿਆ ਹੈ ਕਿ ਪੰਜਾਬ ਖ਼ਾਲਿਸਤਾਨ ਬਣੇਗਾ ਅਤੇ ਸਕੱਤਰੇਤ 'ਚ ਆਈ. ਈ. ਡੀ. ਬੈਟਰੀਆਂ ਫਿਊਜ਼ ਤਿਆਰ ਹਨ ਅੱਜ ਜਾਂ ਕੱਲ੍ਹ ਧਮਾਕਾ | ਇਸ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰੱਖਿਆ ਪ੍ਰਬੰਧ ਕਾਫ਼ੀ ਕੜੇ ਕਰ ਦਿੱਤੇ ਗਏ | ਧਮਕੀ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ, ਬੰਬ ਨਿਰੋਧਕ ਦਸਤਾ (ਬੀ. ਡੀ. ਐੱਸ.), ਸੀ. ਆਈ. ਐਸ. ਐਫ., ਡਾਗ ਸੈਕੂਅਡ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ | ਪੂਰੇ ਸਕੱਤਰੇਤ ਪਰਿਸਰ ਨੂੰ ਸੀਲ ਕਰਕੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ | ਹਰ ਬਲਾਕ, ਦਫ਼ਤਰ, ਕਮਰੇ ਅਤੇ ਪਾਰਕਿੰਗ ਖੇਤਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਜੋ ਕਿਸੇ ਵੀ ਸ਼ੱਕੀ ਵਸਤੂ ਦਾ ਪਤਾ ਲੱਗ ਸਕੇ | ਕਈ ਘੰਟਿਆਂ ਤੱਕ ਚੱਲੀ ਜਾਂਚ ਦੌਰਾਨ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਵਿਸਫੋਟਕ ਸਮੱਗਰੀ ਮਿਲਣ ਦੀ ਪੁਸ਼ਟੀ ਨਹੀਂ ਹੋਈ, ਜਿਸ ਤੋਂ ਬਾਅਦ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੰਦਰ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ |
ਪੰਜਾਬ ਸਿਵਲ ਸਕੱਤਰੇਤ 'ਚ ਮੁੱਖ ਮੰਤਰੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/>
ਅਜੀਤ ਡੈਸਕ
30-01-2026