ਟਰਾਈਡੈਂਟ ਵਲੋਂ 100 ਵਿਦਿਆਰਥੀਆਂ ਦੀ ਰੁਜ਼ਗਾਰ ਲਈ ਚੋਣ ਤੇ 1 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ
ਲੌਂਗੋਵਾਲ, 22 ਜਨਵਰੀ (ਵਿਨੋਦ, ਸ. ਸ. ਖੰਨਾ)-ਟਰਾਇਡੈਂਟ ਉਦਯੋਗ ਸਮੂਹ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ ਉਦਯੋਗ-ਸੰਸਥਾਨ ਭਾਗੀਦਾਰੀ ਪ੍ਰੋਗਰਾਮ ਤਹਿਤ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਲੌਂਗੋਵਾਲ ਵਿਖੇ ਪੁੱਜੇ | ਉਹ ਆਪਣੀ ਟੀਮ ਦੇ ਮੈਂਬਰਾਂ ਪੂਜਾ ਲੂਥਰਾ ਅਤੇ ਐਮ. ਪੀ. ਸਿੰਘ ਨਾਲ ਸੰਸਥਾਨ ਪਹੁੰਚੇ, ਜਿਥੇ ਸਲਾਇਟ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ, ਟਰੇਨਿੰਗ ਐਂਡ ਪਲੇਸਮੈਂਟ ਡੀਨ ਪ੍ਰੋ. ਆਰ. ਕੇ. ਮਿਸ਼ਰਾ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਪ੍ਰੋ. ਰਵੀ ਕਾਂਤ ਮਿਸ਼ਰਾ, ਡੀਨ ਐਲੂਮਨੀ ਅਤੇ ਉਦਯੋਗਿਕ ਸੰਬੰਧ ਅਤੇ ਪ੍ਰੋ. ਸੁਰਿੰਦਰ ਸਿੰਘ ਡੀਨ ਰਿਸਰਚ ਐਂਡ ਕੰਸਲਟਿੰਗ ਵਲੋਂ ਉਦਯੋਗ-ਸੰਸਥਾਨ ਭਾਗੀਦਾਰੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪ੍ਰੋ. ਰਵੀ ਕਾਂਤ ਮਿਸ਼ਰਾ ਡੀਨ (ਐਲੂਮਨੀ ਅਤੇ ਉਦਯੋਗਿਕ ਸੰਬੰਧ) ਨੇ ਕਿਹਾ ਕਿ ਇਕ ਪ੍ਰਸਿੱਧ ਉਦਯੋਗਪਤੀ ਅਤੇ ਮਾਲਵਾ ਖੇਤਰ ਦੇ ਗੌਰਵਸ਼ਾਲੀ ਸਪੂਤ ਰਜਿੰਦਰ ਗੁਪਤਾ ਦਾ ਪ੍ਰੇਰਕ ਜੀਵਨ ਇਹ ਦਰਸਾਉਂਦਾ ਹੈ ਕਿ ਦੂਰਦਰਸ਼ੀ ਸੋਚ ਅਤੇ ਦਿ੍ੜ੍ਹ ਸੰਕਲਪ ਨਾਲ ਛੋਟੇ ਕਸਬਿਆਂ ਤੋਂ ਵੀ ਵਿਸ਼ਵ-ਪੱਧਰੀ ਸੰਸਥਾਵਾਂ ਦੀ ਅਗਵਾਈ ਵਿਕਸਤ ਹੋ ਸਕਦੀ ਹੈ | ਆਪਣੇ ਪ੍ਰਧਾਨਗੀ ਸੰਬੋਧਨ ਵਿਚ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਨੇ ਹੁਨਰਮੰਦ ਸਿੱਖਿਆ, ਉਦਯੋਗਿਕ ਸੰਪਰਕ ਅਤੇ ਇਨ-ਹਾਊਸ ਹੁਨਰ ਵਿਕਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਦੇਸ਼ ਦੀ ਨੌਜਵਾਨ ਸ਼ਕਤੀ ਦੀ ਪੂਰੀ ਸਮਰੱਥਾ ਦਾ ਉਪਯੋਗ ਕੀਤਾ ਜਾ ਸਕੇ | ਮੁੱਖ ਮਹਿਮਾਨ ਪਦਮਸ੍ਰੀ ਗੁਪਤਾ ਨੇ ਸੰਸਥਾਨ ਦੀ ਬੇਨਤੀ 'ਤੇ ਸਕਾਰਾਤਮਿਕ ਪ੍ਰਤੀਕਿਰਿਆ ਦਿੰਦਿਆਂ ਸਲਾਇਟ ਦੇ 100 ਵਿਦਿਆਰਥੀਆਂ ਦੀ ਚੋਣ ਦਾ ਐਨਾਨ ਕੀਤਾ, ਜਿਨ੍ਹਾਂ ਲਈ 8 ਤੋਂ 12 ਲੱਖ ਰੁਪਏ ਸਲਾਨਾ ਪੈਕੇਜ ਪ੍ਰਸਤਾਵਿਤ ਕੀਤੇ ਗਏ ਹਨ, ਜੋ ਇਕ ਹਫ਼ਤੇ ਦੇ ਅੰਦਰ ਅੰਤਿਮ ਰੂਪ ਦਿੱਤੇ ਜਾਣਗੇ | ਇਸ ਤੋਂ ਇਲਾਵਾ ਉਨ੍ਹਾਂ ਨੇ ਸਲਾਇਟ ਲਈ 1 ਕਰੋੜ ਰੁਪਏ ਦੀ ਕੰਸਲਟੈਂਸੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ, ਜੋ ਉਦਯੋਗ-ਸੰਸਥਾਨ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਪ੍ਰੋ. ਸੁਰਿੰਦਰ ਸਿੰਘ ਡੀਨ ਰਿਸਰਚ ਐਂਡ ਕੰਸਲਟਿੰਗ ਨੇ ਸਲਾਇਟ ਦੇ ਵਿਦਿਆਰਥੀਆਂ ਲਈ ਟਰਾਇਡੈਂਟ ਗਰੁੱਪ ਵਲੋਂ 'ਓਪਨ ਡੋਰ' ਮੌਕੇ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ |
ਪਦਮਸ੍ਰੀ ਰਜਿੰਦਰ ਗੁਪਤਾ 'ਉਦਯੋਗ-ਸੰਸਥਾਨ ਭਾਗੀਦਾਰੀ ਪ੍ਰੋਗਰਾਮ' ਤਹਿਤ ਸਲਾਇਟ ਲੌਂਗੋਵਾਲ ਪੁੱਜੇ
ਅਜੀਤ ਡੈਸਕ
23-01-2026