ਅੰਮਿ੍ਤਸਰ/ਰਾਜਾਸਾਂਸੀ, 22 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ, ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਜੰਗਲੀ ਜੀਵ ਤਸਕਰੀ ਦਾ ਪਰਦਾਫਾਸ਼ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਨੂੰ ਮੋਰ ਦੀ ਖੱਲ ਵਾਲੀ ਟਰਾਫ਼ੀ ਨਾਲ ਗਿ੍ਫ਼ਤਾਰ ਕੀਤਾ ਹੈ | ਅਧਿਕਾਰੀਆਂ ਅਨੁਸਾਰ ਪੰਜਾਬ 'ਚ ਮੋਰ ਦੀ ਖੱਲ ਦੀ ਤਸਕਰੀ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਕ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਦੇ ਪਿੰਡ ਕਾਸਮਪੁਰ ਦਾ ਰਹਿਣ ਵਾਲਾ ਮੁਹੰਮਦ ਅਕਬਰ ਅਹਿਮਦ (39) ਥਾਈ ਲਾਇਨ ਏਅਰ ਦੀ ਉਡਾਣ ਨੰਬਰ ਐਸ. ਐਲ.-214 ਰਾਹੀਂ ਬੈਂਕਾਕ ਤੋਂ ਅੰਮਿ੍ਤਸਰ ਪਹੁੰਚਿਆ ਸੀ | ਇਸ ਦੌਰਾਨ ਅਧਿਕਾਰੀਆਂ ਨੂੰ ਉਸ ਦੇ ਸਾਮਾਨ 'ਤੇ ਸ਼ੱਕ ਹੋਇਆ | ਐਕਸ-ਰੇ ਤੋਂ ਬੈਗ ਦੇ ਅੰਦਰ ਸ਼ੱਕੀ ਵਸਤੂਆਂ ਦਾ ਪਤਾ ਲੱਗਾ | ਬਾਅਦ 'ਚ ਪੂਰੀ ਤਰ੍ਹਾਂ ਜਾਂਚ ਕਰਨ 'ਤੇ ਅਧਿਕਾਰੀਆਂ ਨੇ ਸਾਮਾਨ 'ਚੋਂ ਰਾਸ਼ਟਰੀ ਪੰਛੀ ਮੋਰ ਦੀ ਇਕ ਅਸਲੀ ਟੈਕਸੀਡਰਮੀ ਟਰਾਫੀ, ਲੱਕੜ ਅਤੇ ਹੋਰ ਸੰਬੰਧਿਤ ਸਮੱਗਰੀ ਬਰਾਮਦ ਕੀਤੀ | ਕਾਰਵਾਈ ਦੌਰਾਨ ਕਸਟਮ ਵਿਭਾਗ ਨੇ ਫੋਰੈਂਸਿਕ ਜਾਂਚ ਲਈ ਉਕਤ ਵਿਅਕਤੀ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਤਾਂ ਜੋ ਇਸ ਤਸਕਰੀ ਕਾਰਵਾਈ 'ਚ ਸ਼ਾਮਿਲ ਅੰਤਰਰਾਸ਼ਟਰੀ ਨੈੱਟਵਰਕ ਅਤੇ ਇਸ ਦੇ ਪਿੱਛੇ ਮੁੱਖ ਸਾਜਿਸ਼ਘਾੜੇ ਦਾ ਪਤਾ ਲੱਗ ਸਕੇ |
ਅੰਮਿ੍ਤਸਰ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਮੋਰ ਦੀ ਖੱਲ ਵਾਲੀ ਟਰਾਫ਼ੀ ਨਾਲ ਇਕ ਗਿ੍ਫ਼ਤਾਰ <br/>
ਅਜੀਤ ਡੈਸਕ
23-01-2026