ਨਵਾਂਸ਼ਹਿਰ, 22 ਜਨਵਰੀ (ਜਸਬੀਰ ਸਿੰਘ ਨੂਰਪੁਰ, ਧਰਮਵੀਰ ਪਾਲ)-ਮੁੱਖ ਮੰਤਰੀ ਪੰਜਾਬ ਵਲੋਂ 328 ਪਾਵਨ ਸਰੂਪਾਂ ਦੇ ਮਾਮਲੇ 'ਚ ਰਾਜਨੀਤੀ ਕਰਨਾ ਮੰਦਭਾਗੀ ਪਿਰਤ ਹੈ | ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਧਾਰਮਿਕ ਸੰਸਥਾਵਾਂ ਦਾ ਹੈ | ਪ੍ਰੰਤੂ ਇਸ ਮਾਮਲੇ 'ਚ ਮਾਘੀ ਦੇ ਮੇਲੇ 'ਤੇ ਗਲਤ ਬਿਆਨ ਦੇ ਕੇ ਪੰਜਾਬ ਦੇ ਹਲਾਤਾਂ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਹ ਪ੍ਰਗਟਾਵਾ ਮਜਾਰਾ ਨੌ ਅਬਾਦ ਦੇ ਰਾਜਾ ਨਾਭ ਕੰਵਲ ਸਾਹਿਬ ਦੇ ਪਾਵਨ ਅਸਥਾਨ ਵਿਖੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ | ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਅਜਿਹਾ ਬਿਆਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਲਈ ਹੀ ਦਿੱਤਾ ਗਿਆ ਸੀ | ਇਹ ਬਿਆਨ ਉਨ੍ਹਾਂ ਵਲੋਂ ਬਿਨ੍ਹਾਂ ਕਿਸੇ ਜਾਂਚ ਅਤੇ ਬਿਨ੍ਹਾਂ ਕਿਸੇ ਤੱਥਾਂ ਦੇ ਦਿੱਤਾ ਗਿਆ | ਇਸ ਬਿਆਨ ਨਾਲ ਪੰਜਾਬ ਦੇ ਹਲਾਤਾਂ ਨੂੰ ਮੁੜ ਲਾਂਬੂ ਵੀ ਲਗ ਸਕਦਾ ਸੀ | ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ 'ਚ ਸਰਕਾਰ ਦੀ ਦਖਲਅੰਦਾਜ਼ੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕਰਨ ਵਾਲੀ ਸਰਕਾਰ ਅੱਜ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵੀ ਦੋਸ਼ੀਆਂ ਨੂੰ ਫੜ ਨਹੀਂ ਸਕੀ | ਇਸ ਮੌਕੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ, ਡਾ. ਸੁਭਾਸ਼ ਸ਼ਰਮਾ, ਮਨੋਰੰਜਨ ਕਾਲੀਆ ਸਾਬਕਾ ਮੰਤਰੀ, ਕੇਵਲ ਸਿੰਘ ਢਿੱਲੋਂ, ਸੋਮ ਪ੍ਰਕਾਸ਼ ਸਾਬਕਾ ਕੇਂਦਰੀ ਮੰਤਰੀ, ਸ਼ਵੇਤ ਮਲਿਕ ਸਾਬਕਾ ਪ੍ਰਧਾਨ, ਰਾਜਦੀਪ ਸਿੰਘ ਗਿੱਲ ਸਾਬਕਾ ਡੀ.ਜੀ.ਪੀ, ਦਿਨੇਸ਼ ਕੁਮਾਰ ਸਾਬਕਾ ਡਿਪਟੀ ਸਪੀਕਰ, ਚੌਧਰੀ ਮੋਹਨ ਲਾਲ ਬੰਗਾ, ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ, ਡੀ.ਐਸ ਗਿੱਲ, ਪ੍ਰਵੇਸ਼ ਅਗਨੀਹੋਤਰੀ, ਰਾਕੇਸ਼ ਰਾਠੌਰ, ਬਲਦੇਵ ਸਿੰਘ ਚੇਤਾ, ਜੋਗਰਾਜ ਸਿੰਘ ਜੋਗੀ, ਪਰਮਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਜੱਸੋਮਜਾਰਾ, ਨਰਿੰਦਰ ਸੂਦਨ ਆਦਿ ਹਾਜ਼ਰ ਸਨ |
ਪੰਜਾਬ ਸਰਕਾਰ ਵਲੋਂ 328 ਪਾਵਨ ਸਰੂਪਾਂ ਦੇ ਮਾਮਲੇ 'ਚ ਰਾਜਨੀਤੀ ਕਰਨਾ ਮੰਦਭਾਗੀ ਪਿਰਤ-ਅਸ਼ਵਨੀ ਸ਼ਰਮਾ <br/>
ਅਜੀਤ ਡੈਸਕ
23-01-2026