• ਡੀ.ਏ.ਪੀ. ਦੀ ਵਰਤੋਂ ਕਰਨ 'ਚ ਵੀ ਪੰਜਾਬ ਤੇ ਹਰਿਆਣਾ ਦੇ 18 ਜ਼ਿਲ੍ਹੇ ਸਿਖ਼ਰ 'ਤੇ • ਕੇਂਦਰੀ ਰਸਾਇਣ ਤੇ ਖਾਦ ਮੰਤਰਾਲੇ ਦੀ ਰਿਪੋਰਟ 'ਚ ਹੋਇਆ ਖ਼ੁਲਾਸਾ
ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 22 ਜਨਵਰੀ- ਕਣਕ-ਝੋਨੇ ਸਮੇਤ ਹੋਰ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਅਤੇ ਸਬਜ਼ੀਆਂ ਤੋਂ ਵੱਧ ਝਾੜ ਲੈਣ ਦੇ ਚੱਕਰ ਵਿਚ ਕਿਸਾਨਾਂ ਵਲੋਂ ਯੂਰੀਆ ਖਾਦ ਦੀ ਹੱਦ ਤੋਂ ਵੱਧ ਕੀਤੀ ਜਾ ਰਹੀ ਵਰਤੋਂ ਨੂੰ ਖੇਤ ਦੀ ਮਿੱਟੀ, ਫ਼ਸਲ, ਪਾਣੀ ਅਤੇ ਮਨੁੱਖੀ ਸਿਹਤ ਲਈ ਘਾਤਕ ਮੰਨਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਵਲੋਂ ਯੂਰੀਆ ਖਾਦ ਦੀ ਲੋੜ ਤੋਂ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ | ਭਾਰਤ ਅੰਦਰ ਪਿਛਲੇ ਸਾਲ ਯੂਰੀਆ ਖਾਦ ਦੀ ਸਭ ਤੋਂ ਵੱਧ ਵਰਤੋਂ ਕਰਨ ਵਿਚ ਪੰਜਾਬ ਦਾ ਸੰਗਰੂਰ ਜ਼ਿਲ੍ਹਾ ਦੇਸ਼ ਭਰ 'ਚੋਂ ਸਭ ਤੋਂ ਮੋਹਰੀ ਗਿਣਿਆ ਗਿਆ ਹੈ, ਜਿਸ ਦਾ ਖ਼ੁਲਾਸਾ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਨੇ ਆਪਣੀ ਰਿਪੋਰਟ 'ਚ ਕੀਤਾ ਹੈ | ਰਿਪੋਰਟ ਅਨੁਸਾਰ ਦੇਸ਼ ਭਰ ਦੇ ਯੂਰੀਆ ਦੀ ਵੱਧ ਖ਼ਪਤ ਕਰਨ ਵਾਲੇ 100 ਜ਼ਿਲਿ੍ਹਆਂ ਦੀ ਸੂਚੀ ਵਿਚ ਪੰਜਾਬ ਦੇ 14 ਅਤੇ ਹਰਿਆਣਾ ਦੇ 9 ਜ਼ਿਲ੍ਹੇ ਸ਼ਾਮਿਲ ਹਨ, ਜਿਸ ਵਿਚ ਸੰਗਰੂਰ ਜ਼ਿਲ੍ਹਾ ਪਿਛਲੇ ਸਾਲ 2 ਲੱਖ 82 ਹਜ਼ਾਰ 800 ਮੀਟਿ੍ਕ ਟਨ ਯੂਰੀਆ ਖਾਦ ਦੀ ਵਰਤੋਂ ਕਰਕੇ ਸਿਖ਼ਰ 'ਤੇ ਰਿਹਾ ਹੈ | ਇਹ ਸਿਖ਼ਰ ਪੰਜਾਬ 'ਚ ਬਦਲਵੀਂ ਅਤੇ ਜ਼ਹਿਰ ਮੁਕਤ ਖੇਤੀ ਦੇ ਉਪਰਾਲਿਆਂ 'ਤੇ ਵੱਡੀ ਸੱਟ ਹੈ, ਜਿਸ ਬਾਰੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੂੰ ਚਿੰਤਨ ਕਰਨ ਦੀ ਲੋੜ ਹੈ | ਇਸ ਤੋਂ ਇਲਾਵਾ ਡਾਈਅਮੋਨੀਆ ਫਾਸਫੇਟ (ਡੀ.ਏ.ਪੀ.) ਦੀ ਖਪਤ ਕਰਨ ਵਿਚ ਵੀ ਪੰਜਾਬ ਦੇ 11 ਅਤੇ ਹਰਿਆਣਾ ਦੇ 7 ਜ਼ਿਲ੍ਹੇ ਚੋਟੀ ਦੇ 100 ਖ਼ਪਤਕਾਰਾਂ 'ਚ ਸ਼ਾਮਿਲ ਹਨ | ਯੂਰੀਆ ਖਾਦ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲੇ ਪੰਜਾਬ ਦੇ ਬਾਕੀ ਜ਼ਿਲਿ੍ਹਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਸੰਗਰੂਰ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ (ਚੌਥੇ), ਸ੍ਰੀ ਮੁਕਤਸਰ ਸਾਹਿਬ (5ਵੇਂ), ਪਟਿਆਲਾ (8ਵੇਂ), ਬਠਿੰਡਾ (9ਵੇਂ), ਅੰਮਿ੍ਤਸਰ (27ਵੇਂ), ਫਿਰੋਜ਼ਪੁਰ (30ਵੇਂ), ਜਲੰਧਰ (34ਵੇਂ), ਮਾਨਸਾ (38ਵੇਂ), ਮੋਗਾ (43ਵੇਂ), ਫਾਜ਼ਿਲਕਾ (49ਵੇਂ), ਤਰਨ ਤਾਰਨ (50ਵੇਂ), ਗੁਰਦਾਸਪੁਰ (56ਵੇਂ) ਅਤੇ ਬਰਨਾਲਾ (95ਵੇਂ) ਸਥਾਨ ਉਪਰ ਰਿਹਾ ਹੈ | ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦਾ ਜ਼ਿਲ੍ਹਾ ਸਿਰਸਾ (6ਵੇਂ), ਕਰਨਾਲ (12ਵੇਂ), ਜੀਂਦ (20ਵੇਂ), ਕੈਥਲ (25ਵੇਂ), ਫਤਿਹਾਬਾਦ (26ਵੇਂ), ਹਿਸਾਰ (41ਵੇਂ), ਕੁਰੂਕਸ਼ੇਤਰ (55ਵੇਂ), ਯਮੁਨਾਨਗਰ (60ਵੇਂ) ਅਤੇ ਸੋਨੀਪਤ (73ਵੇਂ) ਸਥਾਨ 'ਤੇ ਰਿਹਾ ਹੈ | ਇਸ ਤੋਂ ਇਲਾਵਾ ਡੀ. ਏ. ਪੀ. ਖਾਦ ਦੀ ਵਰਤੋਂ ਕਰਨ ਵਿਚ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ (13ਵੇਂ), ਸੰਗਰੂਰ (22ਵੇਂ), ਜਲੰਧਰ (27ਵੇਂ), ਸ੍ਰੀ ਮੁਕਤਸਰ ਸਾਹਿਬ (42ਵੇਂ), ਬਠਿੰਡਾ (47ਵੇਂ), ਫ਼ਿਰੋਜ਼ਪੁਰ (62ਵੇਂ), ਮੋਗਾ (69ਵੇਂ), ਫਾਜ਼ਿਲਕਾ (80ਵੇਂ), ਅੰਮਿ੍ਤਸਰ (89ਵੇਂ), ਪਟਿਆਲਾ (94ਵੇਂ) ਅਤੇ ਤਰਨਤਾਰਨ (97ਵੇਂ) ਸਥਾਨ ਉੱਪਰ ਰਿਹਾ ਹੈ, ਜਦਕਿ ਹਰਿਆਣਾ ਦਾ ਜ਼ਿਲ੍ਹਾ ਸਿਰਸਾ (ਤੀਸਰੇ), ਹਿਸਾਰ (17ਵੇਂ), ਫ਼ਤਿਹਾਬਾਦ (34ਵੇਂ), ਕਰਨਾਲ (44ਵੇਂ), ਕੁਰੂਕਸ਼ੇਤਰ (56ਵੇਂ), ਜੀਂਦ (68ਵੇਂ) ਅਤੇ ਭਿਵਾਨੀ (87ਵੇਂ) ਸਥਾਨ ਉੱਪਰ ਰਿਹਾ ਹੈ | ਪੰਜਾਬ 'ਚ ਇਸ ਵੇਲੇ ਯੂਰੀਆ ਖਾਦ ਦੀ ਕਣਕ ਅਤੇ ਝੋਨੇ ਤੋਂ ਇਲਾਵਾ ਸਭ ਤੋਂ ਵੱਧ ਵਰਤੋਂ ਆਲੂ, ਫੁੱਲ ਗੋਭੀ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਵਿਚ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਵਿਕਰੀ ਰਾਹੀਂ ਇਕ ਤਰ੍ਹਾਂ ਦਾ ਜ਼ਹਿਰ ਵੰਡਿਆ ਜਾ ਰਿਹਾ ਹੈ ਤੇ ਇਹ ਰੁਝਾਨ ਲਗਾਤਾਰ ਜਾਰੀ ਹੈ | ਉੱਕਤ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਦਾ ਪੰਜਾਬ ਦਾ ਇਹ ਅੰਕੜਾ ਆਉਣ ਵਾਲੇ ਸਮੇਂ 'ਚ ਹੋਰ ਵੱਧ ਸਕਦਾ ਹੈ | ਕੇਂਦਰ ਸਰਕਾਰ ਦੇ ਖਾਦ ਵਿਭਾਗ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਮਿੱਟੀ ਦੀ ਸਿਹਤ, ਪਾਣੀ ਸੁਰੱਖਿਆ, ਜਨਤਕ ਸਿਹਤ, ਖੇਤੀਬਾੜੀ ਸਥਿਰਤਾ ਦੇ ਵੱਡੇ ਹਿੱਤ ਵਿਚ ਖਾਦਾਂ ਦੀ ਜ਼ਿਆਦਾ ਵਰਤੋਂ ਨੂੰ ਰੋਕਣ ਦੀ ਤੁਰੰਤ ਲੋੜ ਹੈ, ਕਿਉਂਕਿ ਅਸੰਤੁਲਿਤ ਅਤੇ ਬਹੁਤ ਜ਼ਿਆਦਾ ਖਾਦ ਦੀ ਵਰਤੋਂ ਚਿੰਤਾਜਨਕ ਪੱਧਰ 'ਤੇ ਪਹੁੰਚ ਗਈ ਹੈ, ਜਿਸ ਨਾਲ ਦੇਸ਼ ਭਰ ਦੇ 440 ਜ਼ਿਲਿ੍ਹਆਂ ਵਿਚ ਧਰਤੀ ਹੇਠਲਾ ਪਾਣੀ ਵੱਡੇ ਪੱਧਰ 'ਤੇ ਦੂਸ਼ਿਤ ਹੋਇਆ ਹੈ ਤੇ ਇਹ ਵਾਧਾ ਲਗਾਤਾਰ ਜਾਰੀ ਹੈ | ਬੇਸ਼ੱਕ ਸਮੇਂ ਦੇ ਦੌਰ ਨਾਲ ਫ਼ਸਲਾਂ 'ਤੇ ਹੁੰਦੀ ਵੱਧ ਲਾਗਤ ਅਤੇ ਮੁਨਾਫ਼ਾ ਘੱਟ ਹੋਣ ਨੂੰ ਲੈ ਕੇ ਕਿਸਾਨਾਂ ਵਿਚ ਯੂਰੀਆ ਅਤੇ ਡੀ. ਏ. ਪੀ. ਦੀ ਵੱਧ ਵਰਤੋਂ ਕਰਨ ਨਾਲ ਵਧੇਰੇ ਝਾੜ ਲੈਣ ਦੀ ਧਾਰਨਾ ਬਣੀ ਹੋਈ ਹੈ ਤੇ ਕਿਤੇ ਨਾ ਕਿਤੇ ਅਜਿਹਾ ਹੁੰਦਾ ਵੀ ਹੈ ਪਰ ਇਨ੍ਹਾਂ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਰਕਾਰਾਂ ਵਲੋਂ ਕਦੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ |
ਯੂਰੀਆ ਖਾਦ ਦੀ ਵੱਧ ਵਰਤੋਂ ਕਰਨ 'ਚ ਸੰਗਰੂਰ ਜ਼ਿਲ੍ਹਾ ਦੇਸ਼ ਭਰ 'ਚੋਂ ਮੋਹਰੀ
ਅਜੀਤ ਡੈਸਕ
23-01-2026