17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ ਇਸ ਵਾਰ ਦੀ ਗਣਤੰਤਰ ਦਿਵਸ 'ਚ ਸ਼ਾਮਿਲ ਪੰਜਾਬ ਦੀ ਝਾਕੀ

ਅਜੀਤ ਡੈਸਕ 23-01-2026

ਮਨੁੱਖੀ ਏਕਤਾ ਦੇ ਅਧਿਆਤਮਿਕ ਨੂਰ ਅਤੇ ਕੁਰਬਾਨੀ ਦੀ ਭਾਵਨਾ ਦੀ ਪ੍ਰਤੀਕ ਹੈ ਝਾਕੀ
ਨਵੀਂ ਦਿੱਲੀ, 22 ਜਨਵਰੀ (ਉਪਮਾ ਡਾਗਾ ਪਾਰਥ)-ਸਾਲ 2026 ਦੀ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਸਰਕਾਰ ਵਲੋਂ ਤਿਆਰ ਕੀਤੀ ਝਾਕੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ | ਵੀਰਵਾਰ ਨੂੰ ਦਿੱਲੀ 'ਚ ਗਣਤੰਤਰ ਦਿਵਸ ਪਰੇਡ 'ਚ ਸ਼ਾਮਿਲ ਹੋਣ ਵਾਲੀਆਂ ਝਾਕੀਆਂ ਦੀ ਝਲਕ ਦਾ ਮੀਡੀਆ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਜਿਸ 'ਚ ਪੰਜਾਬ ਦੀ ਝਾਕੀ ਨੂੰ ਮਨੁੱਖੀ ਏਕਤਾ, ਰਹਿਮ ਦੀ ਭਾਵਨਾ ਅਤੇ ਧਾਰਮਿਕ ਕਦਰਾਂ-ਕੀਮਤਾਂ ਦੇ ਉੱਚਤਮ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਅਧਿਆਤਮਿਕਤਾ ਅਤੇ ਕੁਰਬਾਨੀ ਦੀ ਨਿਰਸਵਾਰਥ ਭਾਵਨਾ ਦਾ ਪ੍ਰਤੀਕ ਕਰਾਰ ਦਿੱਤਾ | ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਝਾਕੀ ਦੇ ਦੋ ਹਿੱਸੇ ਹਨ- ਟਰੈਕਟਰ ਅਤੇ ਟ੍ਰੇਲਰ | ਝਾਕੀ ਦੇ ਟਰੈਕਟਰ ਹਿੱਸੇ ਵਿਚ ਹੱਥ ਦਾ ਨਿਸ਼ਾਨ ਬਣਿਆ ਹੋਇਆ ਹੈ ਜੋ ਮਨੁੱਖਤਾਵਾਦੀ ਅਤੇ ਰਹਿਮ ਦੀ ਭਾਵਨਾ ਵਾਲੇ ਨਜ਼ਰੀਏ ਨੂੰ ਦਰਸਾਉਂਦਿਆਂ ਅਧਿਆਤਮਿਕਤਾ ਦਾ ਚਾਨਣ ਬਿਖੇਰਦਾ ਹੈ | ਇਸਦੇ ਨਾਲ ਹੀ ਇਸਦੇ ਅਗਲੇ ਹਿੱਸੇ ਇਕ 'ਇਕ ਉਂਕਾਰ' ਦਾ ਨਿਸ਼ਾਨ, ਜਿਸ ਨੂੰ ਘੁੰਮਦੇ ਵਿਖਾਇਆ ਗਿਆ ਹੈ ਅਤੇ ਕੱਪੜੇ ਦਾ ਇਕ ਟੁਕੜਾ, ਜਿਸ 'ਤੇ 'ਹਿੰਦ ਦੀ ਚਾਦਰ' ਉਕਰੀ ਹੋਈ ਲਿਖਤ ਹੈ, ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਗਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ | ਟ੍ਰੇਲਰ ਵਾਲੇ ਹਿੱਸੇ 'ਚ ਰਾਗੀ ਸਿੰਘਾਂ ਵਲੋਂ 'ਸ਼ਬਦ ਕੀਰਤਨ' ਕੀਤਾ ਜਾ ਰਿਹਾ ਹੈ ਜਿਸ ਦੇ ਪਿਛਲੇ ਹਿੱਸੇ 'ਚ ਖੰਡਾ ਸਾਹਿਬ ਦਾ ਨਿਸ਼ਾਨ ਹੈ ਜੋ ਸਮੁੱਚੇ ਆਲੇ-ਦੁਆਲੇ ਨੂੰ ਇਕ ਅਧਿਆਤਮਿਕ ਰੰਗਤ 'ਚ ਰੰਗਦਾ ਹੈ | ਇਹ ਅਸਥਾਨ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਸੁਸ਼ੋਭਿਤ ਹੈ ਅਤੇ ਇਸ ਚੌਕ 'ਤੇ ਰੋਜ਼ਾਨਾ ਸ਼ਬਦ ਕੀਰਤਨ ਹੁੰਦਾ ਹੈ | ਟ੍ਰੇਲਰ ਵਾਲੇ ਹਿੱਸੇ ਦੇ ਕਿਨਾਰੇ 'ਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਾ ਮਾਡਲ ਸੁਸ਼ੋਭਿਤ ਹੈ | ਝਾਕੀ ਦੇ ਇਕ ਪਾਸੇ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਦਰਸਾਇਆ ਗਿਆ ਹੈ | ਬੁਲਾਰੇ ਨੇ ਕਿਹਾ ਕਿ ਇਨ੍ਹਾਂ ਸਿੱਖ ਸ਼ਰਧਾਲੂਆਂ ਦੀ ਸ਼ਹਾਦਤ ਨੇ ਮਨੁੱਖਤਾ ਲਈ ਇਕ ਅਲੌਕਿਕ ਮਿਸਾਲ ਕਾਇਮ ਕੀਤੀ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ 23 ਨਵੰਬਰ ਤੋਂ 29 ਨਵੰਬਰ 2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ, ਜਿਸ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਗਏ ਸਨ |

ਪਿਛਲੀ ਖ਼ਬਰ ਯੂਰੀਆ ਖਾਦ ਦੀ ਵੱਧ ਵਰਤੋਂ ਕਰਨ 'ਚ ਸੰਗਰੂਰ ਜ਼ਿਲ੍ਹਾ ਦੇਸ਼ ਭਰ 'ਚੋਂ ਮੋਹਰੀ ਅਗਲੀ ਖ਼ਬਰ ਚੰਨੀ ਦੇ ਬਿਆਨ ਤੋਂ ਸਖ਼ਤ ਨਾਰਾਜ਼ ਰਾਹੁਲ ਨੇ ਪਾਈ ਝਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।