18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਚੰਨੀ ਦੇ ਬਿਆਨ ਤੋਂ ਸਖ਼ਤ ਨਾਰਾਜ਼ ਰਾਹੁਲ ਨੇ ਪਾਈ ਝਾੜ

ਅਜੀਤ ਡੈਸਕ 23-01-2026

ਅਨੁਸ਼ਾਸਨਹੀਣਤਾ 'ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ-ਰਾਹੁਲ ਗਾਂਧੀ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 22 ਜਨਵਰੀ- ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਦਲਿਤ ਨੁਮਾਇੰਦਗੀ ਵਾਲੇ ਬਿਆਨ ਤੋਂ ਖਾਸੇ ਨਾਰਾਜ਼ ਹੋਈ ਪਾਰਟੀ ਹਾਈਕਮਾਨ ਨੇ ਪਾਰਟੀ ਵਿਰੋਧੀ ਜਨਤਕ ਬਿਆਨਾਂ ਅਤੇ ਸੋਸ਼ਲ ਮੀਡੀਆ 'ਤੇ ਇਸ ਦੇ ਪ੍ਰਚਾਰ ਤੋਂ ਸਖ਼ਤ ਲਫਜ਼ਾਂ 'ਚ ਗੁਰੇਜ਼ ਕਰਨ ਨੂੰ ਕਿਹਾ ਹੈ | ਪਾਰਟੀ ਹਾਈਕਮਾਨ ਨੇ ਚੰਨੀ ਦੇ ਹੱਕ 'ਚ ਉਤਰੇ 32 ਨੇਤਾਵਾਂ ਦੀ ਚਿੱਠੀ ਅਤੇ ਹਾਈਕਮਾਨ ਨਾਲ ਮਿਲਣ ਦੀ ਮੰਗ ਨੂੰ ਵੀ ਕਿਨਾਰੇ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗੁੱਟਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ 'ਤੇ ਤਕਰੀਬਨ 3 ਘੰਟੇ ਚੱਲੀ ਮੀਟਿੰਗ 'ਚ ਪਾਰਟੀ 'ਚ ਅਨੁਸ਼ਾਸਨਹੀਣਤਾ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ | ਹਲਕਿਆਂ ਮੁਤਾਬਿਕ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਲੈ ਕੇ ਤਿੱਖੀ ਨਾਰਾਜ਼ਗੀ ਜ਼ਾਹਿਰ ਕੀਤੀ | ਨਾਲ ਹੀ ਸਪੱਸ਼ਟ ਲਫਜ਼ਾਂ 'ਚ ਕਿਹਾ ਕਿ ਕੋਈ ਵੀ ਨੇਤਾ ਮੀਡੀਆ ਜਾਂ ਸੋਸ਼ਲ ਮੀਡੀਆ 'ਤੇ ਬਿਆਨਬਾਜ਼ੀ ਨਾ ਕਰੇ | ਚੰਨੀ ਦੇ ਬਿਆਨ ਤੋਂ ਖਫ਼ਾ ਰਾਹੁਲ ਗਾਂਧੀ ਨੇ ਇਹ ਵੀ ਸਾਫ਼ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸਮੇਤ ਲੀਡਰਸ਼ਿਪ 'ਚ ਕੋਈ ਵੀ ਬਦਲਾਅ ਨਹੀਂ ਕੀਤਾ ਜਾਵੇਗਾ | ਰਾਹੁਲ ਗਾਂਧੀ ਅਤੇ ਖੜਗੇ ਨਾਲ ਇਸ ਮੀਟਿੰਗ 'ਚ ਪੰਜਾਬ ਮਾਮਲਿਆਂ ਦੇ ਪ੍ਰਧਾਨ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਡਾ. ਅਮਰ ਸਿੰਘ, ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ, ਸੀਨੀਅਰ ਲੀਡਰ ਅੰਬਿਕਾ ਸੋਨੀ ਅਤੇ ਪਾਰਟੀ ਮਹਾਂਸਕੱਤਰ ਕੇ.ਸੀ. ਵੇਨੂਗੋਪਾਲ ਮੌਜੂਦ ਸਨ | ਹਲਕਿਆਂ ਮੁਤਾਬਿਕ ਚੰਨੀ ਦੇ ਬਿਆਨ ਤੋਂ ਖਫ਼ਾ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਦੇ ਅੰਦਰੂਨੀ ਮਾਮਲਿਆਂ 'ਚ ਮੀਡੀਆ 'ਚ ਬਿਆਨਬਾਜ਼ੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਮੀਟਿੰਗ ਤੋਂ ਬਾਅਦ ਕੇ.ਸੀ. ਵੇਨੂਗੋਪਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਨੇਤਾਵਾਂ ਨੂੰ ਜਨਤਕ ਬਿਆਨਬਾਜ਼ੀ ਤੋਂ ਦੂਰ ਰਹਿਣ ਅਤੇ ਹਰ ਚੀਜ਼ ਨੂੰ ਪਾਰਟੀ ਫੋਰਮ 'ਤੇ ਚਰਚਾ ਕਰਨ ਲਈ ਕਿਹਾ ਗਿਆ | ਉਨ੍ਹਾਂ ਪਾਰਟੀ ਵਲੋਂ ਸਖ਼ਤ ਕਾਰਵਾਈ ਕਰਨ ਦੇ ਰਾਹੁਲ ਗਾਂਧੀ ਦੇ ਸੰਦੇਸ਼ ਨੂੰ ਮੀਡੀਆ ਸਾਹਮਣੇ ਵੀ ਦੁਹਰਾਇਆ | ਵੇਨੂਗੋਪਾਲ ਨੇ ਚੰਨੀ ਵਲੋਂ ਦਲਿਤਾਂ ਨੂੰ ਨੁਮਾਇੰਦਗੀ ਨਾ ਦੇਣ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਪਾਰਟੀ ਸਾਰੇ ਜਾਤ-ਵਰਗਾਂ ਨੂੰ ਨੁਮਾਇੰਦਗੀ ਦਿੰਦੀ ਹੈ | ਪਰ ਸੋਸ਼ਲ ਮੀਡੀਆ ਜਾਂ ਮੀਡੀਆ 'ਚ ਜਾਣ ਨਾਲ ਕੋਈ ਮਾਮਲਾ ਹੱਲ ਨਹੀਂ ਹੋਵੇਗਾ | ਵੇਨੂਗੋਪਾਲ ਨੇ ਚੰਨੀ ਦੇ ਹੱਕ 'ਚ ਪੰਜਾਬ ਦੇ ਆਗੂਆਂ ਵਲੋਂ ਲਿਖੀ ਚਿੱਠੀ ਅਤੇ ਮੁਲਾਕਾਤ ਦਾ ਸਮਾਂ ਮੰਗਣ ਬਾਰੇ ਸਵਾਲ ਦੇ ਜਵਾਬ 'ਚ ਕਿਹਾ ਕਿ ਮੁਲਾਕਾਤ ਦਾ ਸਮਾਂ ਮੰਗਣ 'ਚ ਕੋਈ ਬੁਰਾਈ ਨਹੀਂ ਹੈ ਪਰ ਗੁੱਟਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਅਤੇ ਖੜਗੇ ਪੰਜਾਬ ਦੇ ਦੌਰੇ ਦੌਰਾਨ ਵੱਖ-ਵੱਖ ਨੇਤਾਵਾਂ ਨੂੰ ਮਿਲਣਗੇ ਅਤੇ ਸਭ ਦੇ ਵਿਚਾਰ ਵੀ ਸੁਣਨਗੇ |
ਪੰਜਾਬ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ਆਉਣ ਵਾਲੇ ਇਕ ਸਾਲ 'ਚ ਰੂਪਰੇਖਾ ਦੀ ਵੀ ਮੀਟਿੰਗ 'ਚ ਚਰਚਾ ਕੀਤੀ ਗਈ ਅਤੇ ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਪੰਜਾਬ 'ਚ ਮਗਨਰੇਗਾ 'ਤੇ ਪ੍ਰੋਗਰਾਮ ਕੀਤੇ ਜਾਣ | ਉਨ੍ਹਾਂ ਕਿਹਾ ਕਿ ਕਾਂਗਰਸ (ਹਾਈਕਮਾਨ) ਨਾਲ ਕੋਈ ਵੀ ਸੰਪਰਕ ਕਰ ਸਕਦਾ ਹੈ ਪਰ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਜਨਤਕ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਮੀਟਿੰਗ ਦੀ ਸਿਖ ਨੂੰ ਪੂਰੀ ਤਰ੍ਹਾਂ ਧਾਰਦਿਆਂ ਪੰਜਾਬ ਦੇ ਸਥਾਨਕ ਨੇਤਾਵਾਂ ਨੇ ਕੋਈ ਵੀ ਬਿਆਨ ਨਹੀਂ ਦਿੱਤਾ | ਬਾਜਵਾ ਨੇ ਸਿਰਫ਼ ਏਨਾ ਕਹਿ ਕੇ ਮੀਡੀਆ ਤੋਂ ਪਰ੍ਹਾਂ ਹਟਦਿਆਂ ਕਿਹਾ ਕਿ ਇਕੱਠੇ ਹੋ ਕੇ ਚੋਣਾਂ ਲੜਾਂਗੇ ਅਤੇ ਜਿੱਤਾਂਗੇ | ਮੀਡੀਆ 'ਚ ਨਾ ਜਾਣ ਦੇ ਜੋ ਆਦੇਸ਼ ਦਿੱਤੇ ਗਏ ਹਨ, ਉਸ ਦੀ ਪਾਲਣਾ ਕਰਾਂਗੇ, ਜਦਕਿ ਵੜਿੰਗ ਨੇ ਸਿਰਫ਼ ਇਹ ਹੀ ਕਿਹਾ ਕਿ ਕਿਸੇ ਹੋਰ ਦਿਨ ਗੱਲ ਕਰਾਂਗੇ | ਜ਼ਿਕਰਯੋਗ ਹੈ ਕਿ 17 ਜਨਵਰੀ ਨੂੰ ਚੰਡੀਗੜ੍ਹ 'ਚ ਕਾਂਗਰਸ ਐੱਸ.ਸੀ. ਸੈੱਲ ਦੀ ਮੀਟਿੰਗ 'ਚ ਚੰਨੀ ਨੇ ਕਿਹਾ ਸੀ ਕਿ ਜੇਕਰ ਪੰਜਾਬ 'ਚ ਤੁਸੀਂ ਮੰਨਦੇ ਹੋ ਕਿ 38 ਜਾਂ 35 ਫ਼ੀਸਦੀ ਆਬਾਦੀ ਦਲਿਤਾਂ ਦੀ ਹੈ ਤਾਂ ਸਾਨੂੰ ਨੁਮਾਇੰਦਗੀ ਕਿਉਂ ਨਹੀਂ ਮਿਲ ਰਹੀ | ਉਨ੍ਹਾਂ ਬਿਨਾਂ ਨਾਂਅ ਲਏ ਕਈ ਨੇਤਾਵਾਂ ਨੂੰ ਨਿਸ਼ਾਨੇ 'ਤੇ ਲਿਆ | ਚੰਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ (ਵੜਿੰਗ) ਵੀ 'ਅੱਪਰ ਕਾਸਟ' ਹੈ | ਵਿਰੋਧੀ ਧਿਰ ਦਾ ਨੇਤਾ (ਬਾਜਵਾ) ਵੀ 'ਅੱਪਰ ਕਾਸਟ' ਹੈ | ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ (ਗੁੁਰਸ਼ਰਨ ਕੌਰ ਰੰਧਾਵਾ) ਵੀ 'ਅੱਪਰ ਕਾਸਟ' ਹੈ ਅਤੇ ਪੰਜਾਬ ਦਾ ਜਨਰਲ ਸਕੱਤਰ (ਕੈਪਟਨ ਸੰਦੀਪ ਸੰਧੂ) ਵੀ 'ਅੱਪਰ ਕਾਸਟ' ਹੈ |
ਚੰਨੀ ਦੇ ਬਿਆਨ ਨੂੰ ਪਾਰਟੀ ਲਾਈਨ ਤੋਂ ਬਿਲਕੁਲ ਵੱਖਰੀ ਲਾਈਨ 'ਤੇ ਵੇਖਿਆ ਗਿਆ ਹੈ | ਰਾਹੁਲ ਗਾਂਧੀ ਅਕਸਰ ਦਲਿਤਾਂ ਅਤੇ ਪਿਛੜੇ ਵਰਗਾਂ ਦੀ ਗੱਲ ਕਰਦੇ ਹਨ ਅਤੇ ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਮੰਗ ਕਰਦੇ ਰਹੇ ਹਨ | ਚੰਨੀ ਦਾ ਬਿਆਨ ਪਾਰਟੀ ਲੀਡਰਸ਼ਿਪ 'ਤੇ ਹੀ ਸਵਾਲ ਖੜ੍ਹਾ ਕਰਦਾ ਨਜ਼ਰ ਆਉਂਦਾ ਹੈ |

ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ ਇਸ ਵਾਰ ਦੀ ਗਣਤੰਤਰ ਦਿਵਸ 'ਚ ਸ਼ਾਮਿਲ ਪੰਜਾਬ ਦੀ ਝਾਕੀ ਅਗਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ-ਸਰਬਜੀਤ ਸਿੰਘ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।