ਪੰਜਾਬ ਯੂਨੀਵਰਸਿਟੀ ਦੇ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਆਗਾਜ਼
ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ ਦੇ 67ਵੇਂ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਆਗਾਜ਼ ਹੋਇਆ। 28 ਅਕਤੂਬਰ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਸ੍ਰੀ ਮੁਕਤਸਰ ਸਾਹਿਬ ਜ਼ੋਨ ਦੇ 35 ਕਾਲਜਾਂ ਦੇ ਵਿਦਿਆਰਥੀ ਵੱਖ-ਵੱਖ ਸੱਭਿਆਚਾਰਕ ਤੇ ਵਿਰਾਸਤੀ ਵੰਨਗੀਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।
ਸ੍ਰੀ ਮੁਕਤਸਰ ਸਾਹਿਬ, 26 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ ਦੇ 67ਵੇਂ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਆਗਾਜ਼ ਹੋਇਆ। 28 ਅਕਤੂਬਰ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਸ੍ਰੀ ਮੁਕਤਸਰ ਸਾਹਿਬ ਜ਼ੋਨ ਦੇ 35 ਕਾਲਜਾਂ ਦੇ ਵਿਦਿਆਰਥੀ ਵੱਖ-ਵੱਖ ਸੱਭਿਆਚਾਰਕ ਤੇ ਵਿਰਾਸਤੀ ਵੰਨਗੀਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਉਦਘਾਟਨੀ ਸਮਾਗਮ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ, ਸਿਆਸੀ ਆਗੂਆਂ ਅਤੇ ਪੰਜਾਬੀ ਫ਼ਿਲਮ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਦੀ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਵਿਦਿਆ ਸਕੱਤਰ ਤੇ ਡਾਇਰੈਕਟਰ, ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਯੂਥ ਵੈੱਲਫ਼ੇਅਰ ਡਾ. ਸੁਖਜਿੰਦਰ ਸਿੰਘ ਰਿਸ਼ੀ ਵੀ ਮੌਜੂਦ ਰਹੇ। ਮੇਲੇ ਦਾ ਉਦਘਾਟਨ ਐਸ.ਡੀ.ਐਮ. ਗੁਰਕਿਰਨਦੀਪ ਸਿੰਘ ਸਿੱਧੂ ਨੇ ਕੀਤਾ। ਸਮਾਗਮ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਦੇ ਸ਼ਬਦ ਤੇ ਕਾਲਜ ਸ਼ਬਦ ਦੇ ਗਾਇਨ ਨਾਲ ਹੋਈ, ਜਿਸ ਉਪਰੰਤ ਮੁੱਖ ਮਹਿਮਾਨ ਨੇ ਸ਼ਮ੍ਹਾ ਰੌਸ਼ਨ ਕੀਤੀ। ਸਥਾਨਕ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਗੁਰਕਿਰਨਦੀਪ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨ ਵਿਚ ਨਿਸ਼ਾਨਾ ਮਿੱਥ ਕੇ ਉਸ ਦੀ ਪ੍ਰਾਪਤੀ ਲਈ ਮਿਹਨਤ ਕਰਨ ਨਾਲ ਹੀ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਨੂੰ ਆਪਣੀ ਕਲਾ ਤੇ ਹੁਨਰ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਪੰਜਾਬੀ ਫ਼ਿਲਮ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਤੇ ਜੀਵਨ ਵਿਚ ਸਫ਼ਲਤਾ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਮੇਲੇ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਸ਼ਬਦ ਗਾਇਨ, ਭਜਨ ਗਾਇਨ, ਸਮੂਹ ਗਾਇਨ, ਕਲਾਸੀਕਲ ਗਾਇਨ, ਲੋਕ ਗੀਤ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਆਫ਼ ਸਟੇਜ ਮੁਕਾਬਲਿਆਂ ਤਹਿਤ ਫੁਲਕਾਰੀ, ਪੱਖੀ ਬੁਣਤੀ, ਕਰੋਸ਼ੀਆ, ਦਸੂਤੀ ਅਤੇ ਮਹਿੰਦੀ ਡਿਜ਼ਾਈਨਿੰਗ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸ਼ਾਮ ਦੇ ਸੈਸ਼ਨ ਵਿਚ ਮਲੋਟ ਹਲਕੇ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਸਥਾਨਕ ਪ੍ਰਬੰਧਕੀ ਕਮੇਟੀ ਦੇ ਮੈਂਬਰ ਜਥੇ. ਨਵਤੇਜ ਸਿੰਘ ਕਾਉਣੀ, ਸਰੂਪ ਸਿੰਘ ਨੰਦਗੜ੍ਹ, ਜਥੇ. ਹੀਰਾ ਸਿੰਘ ਚੜ੍ਹੇਵਾਨ, ਗੁਰਤੇਜ ਸਿੰਘ ਭੁੱਲਰ, ਰੋਜ਼ਾਨਾ ‘ਅਜੀਤ’ ਦੇ ਸਟਾਫ਼ ਰਿਪੋਰਟਰ ਰਣਜੀਤ ਸਿੰਘ ਢਿੱਲੋਂ, ਜਥੇਦਾਰ ਗੁਰਤੇਜ ਸਿੰਘ ਗੁਰਦੁਆਰਾ ਬਿਧੀ ਚੰਦ, ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਜਥੇਦਾਰ ਗੁਰਤੇਜ ਸਿੰਘ, ਡਿਪਟੀ ਮੈਨੇਜਰ ਸੁਖਦੇਵ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਪੰਚਾਇਤ ਕੋਰ ਕਮੇਟੀ ਪੰਜਾਬ ਦੇ ਪ੍ਰਧਾਨ ਸਾਰਜ ਸਿੰਘ, ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਸੰਘਾ, ਜੇ.ਡੀ. ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਿੰਸੀਪਲ ਡਾ. ਮ ਨਜੀਤ ਕੌਰ, ਡਾ. ਸੁਸ਼ੀਲਾ ਨਾਰੰਗ, ਡਾ. ਵਾਨਿਕਾ ਨਾਗਪਾਲ, ਡਾ. ਨੇਹਾ ਸੱਚਦੇਵਾ, ਡਾ. ਤ੍ਰਿਪਤਾ ਪਰਮਾਰ, ਪ੍ਰਿੰਸੀਪਲ ਰਾਜ ਦੁਲਾਰੀ, ਡਾ. ਐਸ.ਪੀ.ਐਸ. ਬਰਾੜ (ਸੇਵਾ ਮੁਕਤ ਪੀ.ਏ.ਯੂ. ਲੁਧਿਆਣਾ), ਐਜੂਕੇਟ ਪੰਜਾਬ ਪ੍ਰੋਜੈਕਟ ਨਾਲ ਸੰਬੰਧਿਤ ਭਾਈ ਹਰਮਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਸੋਨੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ। ਅੰਤ ਵਿੱਚ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਮੰਚ ਦਾ ਲਾਭ ਉਠਾ ਕੇ ਆਪਣੀ ਯੋਗਤਾ ਨਿਖਾਰਨ, ਵਿਰਾਸਤੀ ਕਲਾਵਾਂ ਨਾਲ ਜੁੜਨ ਅਤੇ ਆਪਸੀ ਸਾਂਝ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।