ਫ਼ਲਿੱਪਕਾਰਟ ਦੇ ਮੁਲਾਜ਼ਮ ਨੂੰ ਲੁੱਟਣ ਵਾਲੇ ਤਿੰਨ ਦੋਸ਼ੀ ਗ੍ਰਿਫ਼ਤਾਰ ਕੰਪਨੀ ਦੇ ਡਲਿਵਰੀ ਬੁਆਏ ਨੇ ਰਚੀ ਸੀ ਸਾਜਿਸ਼
ਫ਼ਰੀਦਕੋਟ, 26 ਅਕਤੂਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਪੰਜ ਦਿਨ ਪਹਿਲਾਂ ਫ਼ਲਿੱਪਕਾਰਟ ਕੰਪਨੀ ਦੇ ਇਕ ਮੁਲਾਜ਼ਮ ਤੋਂ ਕਰੀਬ 4. 25 ਲੱਖ ਰੁਪਏ ਦੀ ਨਕਦੀ ਲੁੱਟਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਫ਼ਰੀਦਕੋਟ, 26 ਅਕਤੂਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਪੰਜ ਦਿਨ ਪਹਿਲਾਂ ਫ਼ਲਿੱਪਕਾਰਟ ਕੰਪਨੀ ਦੇ ਇਕ ਮੁਲਾਜ਼ਮ ਤੋਂ ਕਰੀਬ 4.25 ਲੱਖ ਰੁਪਏ ਦੀ ਨਕਦੀ ਲੁੱਟਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਫ਼ੜੇ ਗਏ ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ, ਗੁਰਜੋਤ ਸਿੰਘ ਅਤੇ ਮਨੀਸ਼ ਕੁਮਾਰ ਵਾਸੀ ਫ਼ਰੀਦਕੋਟ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟੀ ਗਈ ਲਗਪਗ ਸਾਰੀ ਨਕਦੀ ਵੀ ਬਰਾਮਦ ਕਰ ਲਈ ਹੈ। ਐਸ.ਪੀ ਇਨਵੈਸਟੀਗੇਸ਼ਨ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ 21 ਅਕਤੂਬਰ ਨੂੰ -ਫਰੀਦਕੋਟ ਦੇ ਕੋਟਕਪੂਰਾ ਰੋਡ ’ਤੇ ਵਾਪਰੀ ਸੀ। ਫ਼ਲਿੱਪਕਾਰਟ ਕੰਪਨੀ ਦਾ ਮੁਲਾਜ਼ਮ ਵਿਕਰਮਜੀਤ ਸਿੰਘ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਕਰੀਬ 4.25 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਲੈ ਕੇ ਦਫ਼ਤਰ ਤੋਂ ਜਾ ਰਿਹਾ ਸੀ। ਦਫ਼ਤਰ ਤੋਂ ਕੁਝ ਦੂਰੀ ’ਤੇ ਹੀ ਪਿੱਛੇ ਤੋਂ ਆ ਰਹੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਅਤੇ ਨਕਦੀ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਨੇ ਵਿਕਰਮਜੀਤ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਐਸ.ਪੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀਆਈਏ ਸਟਾਫ਼ ਅਤੇ ਥਾਣਾ ਸਦਰ ਦੀ ਟੀਮ ਨੇ ਮਨੁੱਖੀ ਖ਼ੁਫ਼ੀਆ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਗੁਰਜੋਤ ਸਿੰਘ ਫਲਿੱਪਕਾਰਟ ਦਫ਼ਤਰ ਵਿਚ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਸੀ। ਉਸ ਨੇ ਹੀ ਲੁੱਟ ਦੀ ਸਾਜ਼ਿਸ਼ ਰਚੀ ਅਤੇ ਆਪਣੇ ਸਾਥੀਆਂ ਵਿਕਰਮਜੀਤ ਸਿੰਘ ਅਤੇ ਮਨੀਸ਼ ਕੁਮਾਰ ਦੀ ਮਦਦ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਕੈਸ਼ ਲੈ ਕੇ ਬੈਂਕ ਜਾ ਰਹੇ ਕਰਮਚਾਰੀ ਬਾਰੇ ਗੁਰਜੋਤ ਨੇ ਆਪਣੇ ਸਾਥੀਆਂ ਨੂੰ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਸਤੇ ’ਚ ਹੀ ਕਰਮਚਾਰੀ ਨੂੰ ਟੱਕਰ ਮਾਰ ਕੇ ਨਕਦੀ ਲੁੱਟ ਲਈ। ਐਸ.ਪੀ ਨੇ ਦੱਸਿਆ ਕਿ ਫ਼ਿਲਹਾਲ ਪੁਲਿਸ ਰਿਕਾਰਡ ਵਿਚ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੋਈ ਵੀ ਪੁਰਾਣਾ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਮੁਲਜ਼ਮਾਂ ਨੂੰ ਅਦਾਲਤ ਤੋਂ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।