ਗਿੱਦੜਬਾਹਾ, 7 ਮਈ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਹਲਕੇ ਦੇ ਪਿੰਡ ਮਧੀਰ ਵਿਖੇ ਅੱਜ ਪਿੰਡ ਵਾਸੀਆਂ ਵਲੋਂ ਆਬਾਦੀ ਨੇੜੇ ਲੱਗਣ ਜਾ ਰਹੇ ਹਾਟ ਮਿਕਸ ਪਲਾਟ (ਲੁੱਕ ਮਿਕਸ ਪਲਾਂਟ) ਦਾ ਜ਼ਬਰਦਸਤ ਵਿਰੋਧ ਕੀਤਾ ਅਤੇ ਪ੍ਰਸ਼ਾਸਨ ਤੇ ਪਲਾਂਟ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਗਟ ਕੀਤਾ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਹਾਕਮ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ, ਕੇਵਲ ਸਿੰਘ ਸਾਬਕਾ ਫ਼ੌਜੀ, ਅੰਗਰੇਜ਼ ਸਿੰਘ, ਮਨਪ੍ਰੀਤ ਸਿੰਘ ਪੰਚ, ਜਗਦੀਸ਼ ਸਰਪੰਚ, ਲਖਵੀਰ ਸਿੰਘ, ਗੁਰਦਾਸ ਸਿੰਘ ਅਤੇ ਗੁਰਜੰਟ ਸਿੰਘ ਆਦਿ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਦੇ ਨੇੜੇ ਲੁੱਕ ਮਿਕਸ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਪ੍ਰਦੂਸ਼ਣ ਅਤੇ ਹੋਰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਵਾਸੀਆਂ ਨੂੰ ਗੁੰਮਰਾਹ ਕਰਕੇ ਇੱਥੇ ਪਲਾਂਟ ਲਗਾਇਆ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਲਾਂਟ ਲਗਾਉਣ ਦਾ ਕੰਮ ਨਾ ਰੋਕਿਆ ਗਿਆ ਤਾਂ ਉਹ ਸੰਘਰਸ਼ ਕਰਨ ਤੇ ਧਰਨਾ ਦੇਣ ਲਈ ਮਜ਼ਬੂਰ ਹੋਣਗੇ | ਇਸ ਪਲਾਟ ਦੇ ਕੰਮ ਨੂੰ ਰੋਕਣ ਲਈ ਪਿੰਡ ਵਾਸੀਆਂ ਨੇ ਮੰਗ ਪੱਤਰ ਵੀ ਗਿੱਦੜਬਾਹਾ ਦੇ ਐੱਸ.ਡੀ.ਐੱਮ. ਨੂੰ ਦਿੱਤਾ | ਉਧਰ ਲੁੱਕ ਮਿਕਸ ਪਲਾਂਟ ਦੇ ਮਾਲਕ ਪੁਨੀਤ ਖੰਨਾ ਨੇ ਕਿਹਾ ਕਿ ਪਲਾਂਟ ਲਈ ਸਾਰੇ ਲਾਜ਼ਮੀ ਮਾਪਦੰਡ ਪੂਰੇ ਕੀਤੇ ਗਏ ਹਨ ਅਤੇ ਪ੍ਰਦੂਸ਼ਣ ਰੋਕਣ ਲਈ ਯੋਗ ਪ੍ਰਬੰਧ ਵੀ ਕੀਤੇ ਗਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ |