ਬਰਗਾੜੀ, 1 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਦੇਸ਼ ਦੇ ਲੋਕਾਂ ਨੂੰ ਅੱਛੇ ਦਿਨਾਂ ਦੇ ਸੁਪਨੇ ਦਿਖਾਉਣ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਹਰ ਰੋਜ਼ ਨਿੱਤ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤ 'ਚ ਵਾਧਾ ਕਰਕੇ ਦੇਸ਼ ਦੇ ਲੋਕਾਂ 'ਤੇ ਮਹਿੰਗਾਈ ਦੀ ਮਾਰ ਪਾਈ ਜਾ ਰਹੀ ਹੈ | ਦੇਸ਼ ਦੇ ਲੋਕ ਘਰੇਲੂ ਗੈਸ ਲੈਣ ਲਈ ਦਰ-ਦਰ ਭਟਕ ਰਹੇ ਹਨ ਤੇ ਹੁਣ ਵਪਾਰਕ ਗੈਸ ਸਿਲੰਡਰ ਦੀ ਕੀਮਤ 'ਚ 200 ਦੇ ਕਰੀਬ ਵਾਧਾ ਕਰਕੇ ਲੋਕਾਂ 'ਤੇ ਹੋਰ ਮਹਿੰਗਾਈ ਦੀ ਮਾਰ ਪਾਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਬਰਗਾੜੀ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਗੱਲ ਦਾ ਇਤਿਹਾਸ ਗਵਾਹ ਹੈ ਅੱਜ ਤੱਕ ਕਿਸੇ ਵੀ ਸਰਕਾਰ ਨੇ ਗੈਸ ਦੀਆਂ ਕੀਮਤਾਂ 'ਚ ਏਨਾ ਵੱਡਾ ਵਾਧਾ ਨਹੀਂ ਕੀਤਾ ਹੋਵੇਗਾ | ਅਜਿਹੀਆਂ ਵਸਤਾਂ ਦੀਆਂ ਕੀਮਤਾਂ ਦੇ ਵਾਧੇ ਨਾਲ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਮਹਿੰਗਾਈ ਦਾ ਹੋਰ ਬੋਝ ਝੱਲਣਾ ਪਵੇਗਾ ਅਤੇ ਛੋਟੇ ਕਾਰਬਾਰੀਆਂ ਦੇ ਕੰਮ ਵੀ ਪ੍ਰਭਾਵਿਤ ਹੋਣਗੇ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵਪਾਰਕ ਸਿਲੰਡਰਾਂ ਦੀ ਕੀਮਤ 'ਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲਵੇ ਤਾਂ ਕਿ ਆਮ ਲੋਕਾਂ 'ਤੇ ਮਹਿੰਗਾਈ ਦੀ ਹੋਰ ਮਾਰ ਨਾ ਪਵੇ | ਇਸ ਮੌਕੇ ਲਛੱਮਣ ਸਿੰਘ ਸਾਬਕਾ ਸਰਪੰਚ ਲੰਭਵਾਲੀ, ਰਣਜੀਤ ਸਿੰਘ ਘਾਰੂ, ਬੇਅੰਤ ਸਿੰਘ ਬੁਰਜ, ਸੁਰਜੀਤ ਸਿੰਘ ਸਰਾਂ, ਰਣਜੀਤ ਸਿੰਘ ਪੰਚ ਝੱਖੜਵਾਲਾ, ਹਰਦੀਪ ਸਿੰਘ ਬੁਰਜ ਹਰੀਕਾ, ਯੋਧਵੀਰ ਸਿੰਘ, ਭੁਪਿੰਦਰ ਸਿੰਘ ਬੁਰਜ ਹਰੀਕਾ, ਗੁਰਤੇਜ ਸਿੰਘ ਸੋਢੀ, ਸੇਵਕ ਸਿੰਘ ਬਰਾੜ, ਭਜਨ ਸਿੰਘ ਲੰਭਵਾਲੀ ਆਦਿ ਹਾਜ਼ਰ ਸਨ |