01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਦੋ ਧਿਰਾਂ 'ਚ ਖ਼ੂਨੀ ਟਕਰਾਅ-4 ਜ਼ਖ਼ਮੀ

ਅਜੀਤ ਡੈਸਕ 07-03-2026
ਗਿੱਦੜਬਾਹਾ, 6 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਹਲਕਾ ਗਿੱਦੜਬਾਹਾ ਦੇ ਪਿੰਡ ਭੂੰਦੜ ਵਿਖੇ ਸਥਿਤ ਗੁਰਦੁਆਰਾ ਬਾਬਾ ਭੂੰਦੜ ਸਾਹਿਬ ਦੇ ਪ੍ਰਬੰਧ ਸੰਭਾਲਣ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਝੜਪ ਦੌਰਾਨ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਘਰ ਦੀ ਸੇਵਾ-ਸੰਭਾਲ ਨੂੰ ਲੈ ਕੇ ਇਹ ਵਿਵਾਦ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ | ਉਕਤ ਗੁਰਦੁਆਰਾ ਸਾਹਿਬ ਦੀ ਕਮੇਟੀ ਪਹਿਲਾਂ ਮਹਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ, ਜਦੋਂ ਕਿ ਪਿੰਡ ਦੇ ਕੁਝ ਹੋਰ ਵਿਅਕਤੀ ਗੁਰੂਘਰ ਦੀ ਸੇਵਾ-ਸੰਭਾਲ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੇ ਸਨ | ਅੱਜ ਇਹ ਧਿਰ ਸਰਪੰਚ ਅਮਨਦੀਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈ ਤੇ ਮੌਕੇ 'ਤੇ ਪਹੁੰਚਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਉਤਾਰ ਦਿੱਤੇ ਗਏ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਤਣਾਅ ਹੋਰ ਵਧ ਗਿਆ | ਕੁਝ ਸਮੇਂ ਬਾਅਦ ਦੋਵਾਂ ਧਿਰਾਂ ਵਿਚਕਾਰ ਤਿੱਖੀ ਬਹਿਸ ਹੋ ਗਈ, ਜੋ ਹੱਥਾਪਾਈ ਤੇ ਫਿਰ ਫਾਇਰਿੰਗ ਤੱਕ ਪਹੁੰਚ ਗਈ | ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਸੁਖਦੇਵ ਸਿੰਘ ਤੇ ਉਨ੍ਹਾਂ ਦੇ ਸਾਥੀਆਂ 'ਤੇ ਗੋਲੀਆਂ ਚਲਾਏ ਜਾਣ ਦੀ ਖ਼ਬਰ ਹੈ, ਜਦੋਂਕਿ ਇਸ ਟਕਰਾਅ ਦੌਰਾਨ ਕੁਝ ਕਾਰਾਂ ਦੀ ਵੀ ਭੰਨ-ਤੋੜ ਹੋਈ | ਉੱਧਰ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਦੀਪਿਕਾ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਖੋਲ੍ਹਣ ਨੂੰ ਲੈ ਕੇ ਦੋਵਾਂ ਧਿਰਾਂ ਦਰਮਿਆਨ ਵਿਵਾਦ ਹੋ ਗਿਆ ਸੀ |
ਇਕ ਧਿਰ ਦੀ ਅਗਵਾਈ ਮਹਿੰਦਰ ਸਿੰਘ ਕਰ ਰਹੇ ਸਨ, ਜਦਕਿ ਦੂਜੀ ਧਿਰ ਦੀ ਅਗਵਾਈ ਸਰਪੰਚ ਅਮਨਦੀਪ ਸਿੰਘ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਇਸ ਵਿਵਾਦ ਦੌਰਾਨ ਹੋਈ ਫਾਇਰਿੰਗ ਵਿਚ ਸੁਖਦੇਵ ਸਿੰਘ ਪੁੱਤਰ ਬੋਹੜ ਸਿੰਘ, ਬਲਵਿੰਦਰ ਸਿੰਘ ਪੁੱਤਰ ਸਲਵਿੰਦਰ ਸਿੰਘ ਤੇ ਮਹਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਨੂੰ ਗੋਲੀ ਦੇ ਛਰਲੇ ਲੱਗੇ ਹਨ, ਜਦੋਂਕਿ ਇਕ ਹੋਰ ਜਗਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ | ਘਟਨਾ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਸ੍ਰੀ ਮੁਕਤਸਰ ਸਾਹਿਬ ਦੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਜੋ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਨਹਿਰਾਂ 'ਤੇ ਨਵੇਂ ਬਣੇ ਪੁਲਾਂ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪੰਜਾਬ ਭਰ 'ਚ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਨੇ ਕੰਮ ਠੱਪ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।