18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਔਰਤ ਵਲੋਂ ਨਗਰ ਕੌਂਸਲ ਗਿੱਦੜਬਾਹਾ ਦੇ ਅਧਿਕਾਰੀ 'ਤੇ ਗ਼ਲਤ ਹਰਕਤਾਂ ਕਰਨ ਦੇ ਦੋਸ਼

ਅਜੀਤ ਡੈਸਕ 21-02-2026
ਗਿੱਦੜਬਾਹਾ, 20 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਨਗਰ ਕੌਸਲ ਗਿੱਦੜਬਾਹਾ ਦੇ ਈ. ਓ. 'ਤੇ ਕੌਂਸਲ ਦੇ ਕਰਮਚਾਰੀ ਦੀ ਹੀ ਪਤਨੀ ਵਲੋਂ ਗ਼ਲਤ ਹਰਕਤਾਂ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ | ਪੀੜਤ ਔਰਤ ਵਲੋਂ ਥਾਣਾ ਗਿੱਦੜਬਾਹਾ ਵਿਖੇ ਕਥਿਤ ਦੋਸ਼ੀ 'ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਲਿਖ਼ਤੀ ਸ਼ਿਕਾਇਤ ਦਿੱਤੀ ਗਈ ਹੈ | ਪੀੜਤ ਔਰਤ ਖ਼ੁਸ਼ੀ ਰਾਣੀ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦਾ ਪਤੀ ਕਪਿਲ ਕੁਮਾਰ ਨਗਰ ਕਾੌਸਲ ਗਿੱਦੜਬਾਹਾ ਵਿਖੇ ਸੇਵਾਦਾਰ ਨੌਕਰੀ ਕਰਦਾ ਹੈ | ਕੁਝ ਦਿਨ ਪਹਿਲਾਂ ਉਸ ਦਾ ਆਪਣੇ ਪਤੀ ਕਪਿਲ ਕੁਮਾਰ ਨਾਲ ਆਪਸ 'ਚ ਮਨ-ਮੁਟਾਵ ਹੋ ਗਿਆ, ਤਾਂ ਘਰ 'ਚ ਕੋਈ ਜ਼ਿੰਮੇਵਾਰ ਵਿਅਕਤੀ ਨਾ ਹੋਣ ਕਰਕੇ ਉਹ ਕੌਂਸਲ ਵਿਚ ਈ. ਓ. ਪਾਸ ਇਸ ਕਰਕੇ ਗਈ ਕਿ ਉਹ ਉਸ ਦੇ ਪਤੀ ਨੂੰ ਸਮਝਾ ਦੇਣਗੇ | ਪੀੜਤ ਨੇ ਕਿਹਾ ਕਿ ਈ. ਓ. ਨੇ ਉਸ ਦੀ ਮਜ਼ਬੂਰੀ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਉਸ ਪਾਸੋਂ ਇਕ ਦਰਖ਼ਾਸਤ ਉਸ ਦੇ ਪਤੀ ਕਪਿਲ ਖ਼ਿਲਾਫ਼ ਲਿਖਵਾ ਕੇ ਰੱਖ ਲਈ | ਇਸ ਦੌਰਾਨ ਉਹ ਉਸ ਨਾਲ ਗ਼ਲਤ ਨੀਅਤ ਨਾਲ ਗੱਲਬਾਤ ਕਰਨ ਲੱਗਾ | ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ, ਤਾਂ ਈ. ਓ. ਨੇ ਉਸ ਦੇ ਪਤੀ ਨੂੰ ਪੁਲਿਸ ਤੋਂ ਕੁਟਵਾਉਣ ਤੇ ਨੌਕਰੀ ਤੋਂ ਕਢਵਾ ਦੇਣ ਦੀਆਂ ਧਮਕੀਆਂ ਦਿੱਤੀਆਂ | ਪੀੜਤ ਨੇ ਕਿਹਾ ਕਿ ਦੇਰ ਸ਼ਾਮ ਗਿੱਦੜਬਾਹਾ ਪੁਲਿਸ ਉਸ ਦੇ ਪਤੀ ਨੂੰ ਥਾਣੇ ਲੈ ਗਈ, ਜਿਥੇ ਪੁਲਿਸ ਨੇ ਉਸ ਦੇ ਪਤੀ ਨਾਲ ਆਪਸੀ ਸਮਝੌਤਾ ਕਰਵਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਅਗਲੀ ਦਿਨ ਉਸ ਦਾ ਪਤੀ ਨਗਰ ਕੌਂਸਲ ਦੇ ਦਫ਼ਤਰ ਗਿਆ, ਤਾਂ ਈ. ਓ. ਵਲੋਂ ਉਸ ਦੇ ਪਤੀ ਨੂੰ ਜਵਾਬ-ਤਲਬੀ ਕਰਨ ਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਗਈਆਂ | ਪੀੜਤ ਨੇ ਪੁਲਿਸ ਪਾਸ ਦਿੱਤੀ ਸ਼ਿਕਾਇਤ ਵਿਚ ਉਸ ਨੂੰ ਇਨਸਾਫ਼ ਦੇਣ ਦੀ ਗ਼ੁਹਾਰ ਲਗਾਈ ਹੈ | ਇਸ ਸੰਬੰਧੀ ਈ. ਓ. ਸੁਨੀਲ ਦੱਤ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ 'ਤੇ ਲਗਾਏ ਗਏ ਇਲਜ਼ਾਮ ਬੇਬੁਨਿਆਦ ਤੇ ਝੂਠੇ ਹਨ | ਉਨ੍ਹਾਂ ਕਿਹਾ ਕਿ ਉਸ ਵਲੋਂ ਹਮਦਰਦੀ ਨਾਲ ਪਤੀ-ਪਤਨੀ ਦਾ ਆਪਸੀ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਔਰਤ ਦੇ ਪਤੀ ਕਪਿਲ ਨੇ ਨਗਰ ਕੌਂਸਲ ਦੇ ਇਕ ਕਰਮਚਾਰੀ ਕੋਲ ਆ ਕੇ ਕਿਹਾ ਕਿ ਜੇੇਕਰ ਕੌਂਸਲ ਦਾ ਕੋਈ ਕਰਮਚਾਰੀ ਜਾਂ ਅਧਿਕਾਰੀ ਉਨ੍ਹਾਂ ਦੇ ਘਰੇਲੂ ਝਗੜੇ 'ਚ ਪਵੇਗਾ ਤਾਂ ਉਹ ਆਤਮ-ਹੱਤਿਆ ਕਰ ਲਵੇਗਾ, ਜਿਸ ਦੀ ਸ਼ਿਕਾਇਤ ਉਨ੍ਹਾਂ ਵਲੋਂ ਥਾਣੇ ਦਿੱਤੀ ਗਈ ਸੀ | ਥਾਣਾ ਮੁਖੀ ਹਰਗੋਬਿੰਦ ਸਿੰਘ ਮਾਨ ਨੇ ਕਿਹਾ ਕਿ ਇਕ ਦਰਖ਼ਾਸਤ ਖ਼ੁਸ਼ੀ ਰਾਣੀ ਵਲੋਂ ਆਈ ਹੈ ਤੇ ਇਸ ਦੀ ਪੜਤਾਲ ਕਰਨ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਆਟੋ ਅਤੇ ਕਾਰ ਦੀ ਟੱਕਰ 'ਚ 11 ਜਣੇ ਜ਼ਖ਼ਮੀ ਅਗਲੀ ਖ਼ਬਰ ਭਾਕਿਯੂ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।