ਗਿੱਦੜਬਾਹਾ, 29 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਵਲੋਂ ਗਿਆਰਸ ਦੇ ਸੰਬੰਧ ਵਿਚ ਇਲਾਕੇ ਦੇ ਸ਼ਰਧਾਲੂਆਂ ਲਈ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਬੱਸ ਗਿੱਦੜਬਾਹਾ ਤੋਂ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਸ਼ੁਰੂ ਕੀਤੀ ਗਈ ਹੈ | ਬੀਤੀ ਰਾਤ ਸ੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਵਲੋਂ ਗਿਆਰਸ ਦੇ ਸ਼ੁੱਭ ਅਵਸਰ 'ਤੇ ਇਕ ਬੱਸ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸ਼ਿਆਮ ਸੇਵਾ ਮੰਡਲ ਗਿੱਦੜਬਾਹਾ ਦੇ ਪ੍ਰਧਾਨ ਰਾਜਿੰਦਰ ਸਿੰਗਲਾ ਨੇ ਦੱਸਿਆ ਕਿ ਗਿਆਰਸ (ਏਕਾਦਸ਼ੀ) ਦੇ ਮੌਕੇ 'ਤੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ 'ਚ ਸ਼ਿਆਮ ਪ੍ਰੇਮੀ ਬਾਬਾ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਰਾਜਸਥਾਨ ਦੇ ਸੀਕਰ ਸਥਿਤ ਧਾਮ ਵੱਲ ਰਵਾਨਾ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਉਕਤ ਬੱਸ ਨੂੰ ਗਿੱਦੜਬਾਹਾ ਦੇ ਹਰੀਸ਼ ਗਰਗ ਪੁੱਤਰ ਨਵੀਨ ਗਰਗ ਵਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਕਤ ਬੱਸ ਵਿਚ ਲਗਪਗ 57 ਸ਼ਰਧਾਲੂਆਂ ਦਾ ਜਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਅਤੇ ਸ਼ਰਧਾਲੂਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਸੰਸਥਾ ਵਲੋਂ ਕੀਤਾ ਗਿਆ ਹੈ | ਉਕਤ ਬੱਸ ਸ੍ਰੀ ਸਾਲਾਸਰ ਧਾਮ ਤੇ ਖਾਟੂ ਸ਼ਿਆਮ ਦੇ ਦਰਸ਼ਨ ਕਰਵਾਉਂਦੀ ਹੋਈ ਵਾਪਸੀ ਸਮੇਂ ਇੱਛਾ ਪੂਰਨ ਮੰਦਰ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਗਿੱਦੜਬਾਹਾ ਵਾਪਸ ਪਹੁੰਚੇਗੀ | ਇਸ ਮੌਕੇ ਰਜਿੰਦਰ ਸਿੰਗਲਾ, ਧਰਮਪਾਲ ਸਿੰਘ ਰਿੰਕੂ ਢੱਲਾ, ਰਾਹੁਲ ਮੰਗਲਾ, ਹੈਪੀ ਸ਼ਰਮਾ, ਨਵੀਨ ਗਰਗ ਅਤੇ ਬਾਂਕੇ ਲਾਲ ਆਦਿ ਹਾਜ਼ਰ ਸਨ |