ਬਾਜਾਖਾਨਾ, 29 ਜਨਵਰੀ (ਜੀਵਨ ਗਰਗ)-ਬੀਤੇ ਦਿਨੀਂ ਦੇਸ਼ ਦਾ ਗਣਤੰਤਰ ਦਿਵਸ ਉਪ ਮੰਡਲ ਪ੍ਰਸ਼ਾਸਨ ਜੈਤੋ ਵਲੋਂ ਖੇਡ ਸਟੇਡੀਅਮ ਜੈਤੋ ਵਿਖੇ ਮਨਾਇਆ ਗਿਆ | ਇਸ ਸਮਾਗਮ 'ਚ ਜੈਤੋ ਉਪ ਮੰਡਲ ਦੇ ਸਮੂਹ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਦੇਸ਼ ਭਗਤੀ ਗੀਤ, ਕਵਿਤਾਵਾਂ, ਭਾਸ਼ਨ ਅਤੇ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਇਸ ਦੀ ਸ਼ੋਭਾ ਨੂੰ ਵਧਾਇਆ | ਇਸ ਸਮਾਗਮ 'ਚ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸਭ ਵਧੀਆ ਵੰਨਗੀਆਂ ਦੀ ਚੋਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਦੇ ਪਿ੍ੰਸੀਪਲ ਦਰਸ਼ਨ ਸਿੰਘ ਦੀ ਬਤੌਰ ਚੇਅਰਮੈਨ ਡਿਊਟੀ ਲਗਾਈ ਗਈ ਸੀ | ਇਸ ਤੋਂ ਇਲਾਵਾ ਮਾਰਚ ਪਾਸਟ ਲਈ ਨੋਡਲ ਅਫ਼ਸਰ ਵਜੋਂ ਚੋਣ ਕੀਤੀ ਗਈ | ਉਨ੍ਹਾਂ ਵਲੋਂ ਪਾਏ ਗਏ ਇਸ ਉਚੇਚੇ ਯੋਗਦਾਨ ਨੂੰ ਮੁੱਖ ਰੱਖਦਿਆਂ ਉਪ ਮੰਡਲ ਦੇ ਉੱਚ ਅਧਿਕਾਰੀਆਂ ਵਲੋਂ ਪ੍ਰਸੰਸਾ ਪੱਤਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੀ ਮਾਰਚ ਪਾਸਟ ਦੀ ਟੀਮ ਅਤੇ ਸਮੂਹ ਗਾਣ ਵਾਲੀਆਂ ਲੜਕੀਆਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਅਧਿਆਪਕ ਅਮਰਦੀਪ ਸਿੰਘ ਅਤੇ ਚੌਕੀਦਾਰ ਕੌਰ ਸਿੰਘ ਨੂੰ ਵਧੀਆ ਸਰਕਾਰੀ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਮੁੱਚੇ ਬਾਜਾਖਾਨਾ ਇਲਾਕੇ ਲਈ ਮਾਣ ਵਾਲੀ ਗੱਲ ਹੈ |