ਮਲੋਟ, 22 ਜਨਵਰੀ (ਪਾਟਿਲ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਦਰੋਂ-ਘਰੋਂ ਵਰੋਸਾਇ (ਬਿਧੀਆਂ ਦੇ ਜਾਣੂੰ) ਬਹਾਦਰ ਬਾਬਾ ਬਿਧੀ ਚੰਦ (ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ) ਦੇ ਬਾਰ੍ਹਵੇਂ ਸਰੂਪ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਮੌਜੂਦਾ ਮੁਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਸੁਰਸਿੰਘ ਵਾਲਿਆਂ ਦੇ ਸਾਲਾਨਾ ਸਮਾਗਮ ਪਿੰਡ ਕਟੋਰੇਵਾਲਾ ਦੀ ਸਮੂਹ ਸੰਗਤ ਵਲੋਂ ਪਿੰਡ ਮੱਲਵਾਲਾ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ | ਇਨ੍ਹਾਂ ਸਮਾਗਮਾਂ ਵਿਚ ਆਸਪਾਸ ਦੇ ਪਿੰਡਾਂ ਤੇ ਇਲਾਕੇ ਤੋਂ ਭਾਰੀ ਗਿਣਤੀ ਵਿਚ ਗੁਰੂਘਰ ਦੇ ਸ਼ਰਧਾਲੂਆਂ ਨੇ ਭਾਗ ਲਿਆ | ਸੰਤ ਬਾਬਾ ਅਵਤਾਰ ਸਿੰਘ ਵਲੋਂ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕਰਕੇ ਹਾਜ਼ਰ ਸੰਗਤਾਂ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ ਗਿਆ ਅਤੇ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫ਼ਲ ਕਰਨ ਲਈ ਪ੍ਰੇਰਿਆ | ਉਨ੍ਹਾਂ ਤੋਂ ਇਲਾਵਾ ਗਿਆਨੀ ਅਵਤਾਰ ਸਿੰਘ ਵਲੋਂ ਕਥਾ ਕਰਕੇ ਪਵਿੱਤਰ ਗੁਰਬਾਣੀ ਤੇ ਇਤਿਹਾਸਕ ਹਵਾਲਿਆਂ ਨਾਲ ਗੁਰੂਘਰ ਦੀ ਵਡਿਆਈ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ | ਰਾਗੀ ਜਥਾ ਭਾਈ ਕੁਲਦੀਪ ਸਿੰਘ ਅਤੇ ਢਾਡੀ ਜਥਾ ਭਾਈ ਅੰਮਿ੍ਤਪਾਲ ਸਿੰਘ ਵਲੋਂ ਗੁਰਬਾਣੀ ਸ਼ਬਦਾਂ ਤੇ ਸਿੰਘਾਂ ਸੂਰਮਿਆਂ ਦੀਆਂ ਵਾਰਾਂ ਦਾ ਗਾਇਨ ਕਰਕੇ ਸੰਗਤਾਂ ਦੀ ਧਾਰਮਿਕ ਬਿਰਤੀ ਨੂੰ ਹਲੂਣਾ ਦਿੱਤਾ | ਤਿੰਨ ਦਿਨ ਹੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਨ੍ਹਾਂ ਸਮਾਗਮਾਂ ਦੀ ਵਿਸ਼ੇਸ਼ ਖਿੱਚ ਦਲ ਦੇ ਹਾਥੀ ਤੇ ਘੋੜਿਆਂ ਉੱਪਰ ਗੁਰੂ ਦੀਆਂ ਲਾਡਲੀਆਂ ਫ਼ੌਜਾਂ, ਨਿਹੰਗ ਸਿੰਘਾਂ ਦੇ ਕਰਤੱਬ ਸਨ | ਪ੍ਰਬੰਧਕ ਕਮੇਟੀ ਵਲੋਂ ਸਮਾਗਮਾਂ ਵਿਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ |