ਬਰਗਾੜੀ, 22 ਜਨਵਰੀ (ਲਖਵਿੰਦਰ ਸ਼ਰਮਾ)- ਪੰਜਾਬ 'ਚ ਵੱਡੇ ਕਾਂਗਰਸੀ ਲੀਡਰਾਂ ਦੀ ਧੜੇਬੰਦੀ ਕਾਰਨ ਕਾਂਗਰਸ ਪਾਰਟੀ ਦਾ ਆਮ ਵਰਕਰ ਬਹੁਤ ਮਾਯੂਸ ਹੈ | ਪਿੰਡ ਪੱਧਰ ਦੇ ਸਥਾਨਕ ਲੀਡਰ ਅਤੇ ਆਮ ਵਰਕਰ ਤਾਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਲੋਂ ਕੰਮ ਕਰ ਰਿਹਾ ਹੈ ਅਤੇ ਪਾਰਟੀ ਨਾਲ ਚਟਾਨ ਵਾਂਗ ਖੜ੍ਹਾ ਹੈ | ਪ੍ਰੰਤੂ ਪਾਰਟੀ ਦੇ ਕਈ ਸੀਨੀਅਰ ਲੀਡਰ ਆਪਣੀ ਹਉਮੈ ਕਾਰਨ ਧੜੇਬੰਦੀ 'ਚ ਉਲਝੇ ਹੋਏ ਹਨ, ਜਿਸ ਕਾਰਨ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ | ਪੰਜਾਬ ਦੇ ਬਹੁਤ ਸਾਰੇ ਹਲਕਿਆਂ 'ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਈ ਕਈ ਉਮੀਦਵਾਰ ਟਿਕਟਾਂ ਦੇ ਚਾਹਵਾਨ ਹਨ ਅਤੇ ਪਾਰਟੀ ਦੀ ਟਿਕਟ ਲਈ ਆਪਣੀ ਜ਼ੋਰ ਅਜਮਾਈ ਅਤੇ ਕੋਸ਼ਿਸ਼ਾਂ ਕਰ ਰਹੇ ਹਨ | ਵਿਧਾਨ ਸਭਾ ਹਲਕਾ ਜੈਤੋ ਵਿਚ ਪਿਛਲੇ ਲੰਮੇ ਸਮੇਂ ਤੋਂ ਮੌਜੂਦਾ ਹਲਕਾ ਇੰਚਾਰਜ ਕਾਮਰੇਡ ਦਰਸ਼ਨ ਸਿੰਘ ਢਿਲਵਾਂ ਵਰਕਰਾਂ ਅਤੇ ਆਮ ਲੋਕਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੁੰਦੇ ਆ ਰਹੇ ਹਨ ਅਤੇ ਪਾਰਟੀ ਦੀ ਹਰ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਨ | ਇਨ੍ਹਾਂ ਤੋਂ ਇਲਾਵਾ ਇਸ ਹਲਕੇ ਵਿਚ ਪਹਿਲਾਂ ਇਸੇ ਹਲਕੇ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਰਹੇ ਅਤੇ ਹੁਣ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਮਿਹਨਤੀ ਲੀਡਰ ਪ੍ਰਕਾਸ਼ ਸਿੰਘ ਭੱਟੀ, ਇਸੇ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜੋ ਹੁਣ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਮਾਸਟਰ ਬਲਦੇਵ ਸਿੰਘ, ਇਸ ਹਲਕੇ ਵਿਚ ਪਿਛਲੇ ਇੰਚਾਰਜ ਅਤੇ ਲਗਾਤਾਰ ਇਸ ਹਲਕੇ ਵਿਚ ਵਿਚਰ ਰਹੇ ਮੁਹੰਮਦ ਸਦੀਕ ਧੜੇ ਦੇ ਸੂਰਜ ਭਾਰਦਵਾਜ, ਹੁਣੇ ਹੁਣੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਸਾਬਕਾ ਸਰਪੰਚ ਪ੍ਰੇਮ ਸਿੰਘ ਸਫਰੀ ਅਤੇ ਕੁਝ ਹੋਰ ਲੋਕ ਵੀ ਇਸ ਹਲਕੇ ਤੋਂ ਟਿਕਟ ਦੇ ਚਾਹਵਾਨ ਦੱਸੇ ਜਾ ਰਹੇ ਹਨ | ਇਹ ਸਾਰੇ ਪਾਰਟੀ ਟਿਕਟ ਦੇ ਚਾਹਵਾਨ ਲੀਡਰ ਆਪੋ ਆਪਣੇ ਹਿਸਾਬ ਨਾਲ ਲੋਕਾਂ ਵਿਚ ਆਪਣਾ ਚੰਗਾ ਰਸੂਖ ਰੱਖਦੇ ਹਨ | ਪਾਰਟੀ ਦੇ ਹਰ ਲੀਡਰ ਅਤੇ ਵਰਕਰ ਦਾ ਇਸ ਹਲਕੇ ਤੋਂ ਪਾਰਟੀ ਦੀ ਟਿਕਟ ਮੰਗਣਾ ਅਧਿਕਾਰ ਹੈ, ਪ੍ਰੰਤੂ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ ਅਤੇ ਪਾਰਟੀ ਟਿਕਟ ਸਿਰਫ ਇਕ ਵਿਅਕਤੀ ਨੂੰ ਹੀ ਮਿਲਣੀ ਹੈ | ਪਾਰਟੀ ਦੇ ਆਮ ਵਰਕਰਾਂ ਦੀ ਮੰਗ ਹੈ ਕਿ ਪਾਰਟੀ ਦੀ ਟਿਕਟ ਇਸ ਹਲਕੇ ਦੇ ਹੀ ਕਿਸੇ ਮਿਹਨਤੀ ਵਰਕਰ ਨੂੰ ਦੇਣੀ ਚਾਹੀਦੀ ਹੈ ਅਤੇ ਇਸ ਸਬੰਧੀ ਸਾਰੀ ਸਥਿਤੀ ਪਹਿਲਾਂ ਹੀ ਸਾਫ ਕਰਨੀ ਚਾਹੀਦੀ ਹੈ ਤਾਂ ਕਿ ਉਮੀਦਵਾਰ ਆਪਣੀ ਹਰ ਪਾਸਿਓਾ ਪੂਰੀ ਤਿਆਰੀ ਕਰ ਸਕੇ ਅਤੇ ਆਪਣੇ ਵਰਕਰਾਂ ਜਾਂ ਆਮ ਲੋਕਾਂ ਨਾਲ ਸਮੇਂ ਸਿਰ ਗਿਲੇ ਸ਼ਿਕਵੇ ਦੂਰ ਕਰ ਸਕੇ | ਪਾਰਟੀ ਦੇ ਵੱਡੇ ਲੀਡਰਾਂ ਦੀ ਆਪਸੀ ਧੜੇਬੰਦੀ ਦੀ ਅਸਲ ਡੂੰਘਾਈ ਤੋਂ ਅਣਜਾਣ ਆਮ ਵਰਕਰਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਰੇ ਜਾਂ ਨਾ ਕਰੇ | ਪਾਰਟੀ ਦੇ ਆਮ ਵਰਕਰਾਂ ਵਿਚ ਕੋਈ ਧੜੇਬੰਦੀ ਨਹੀਂ ਹੁੰਦੀ ਅਤੇ ਉਹ ਹਮੇਸ਼ਾਂ ਪਾਰਟੀ ਦੀ ਮਜਬੂਤੀ ਅਤੇ ਪਾਰਟੀ ਨੂੰ ਸੱਤਾ ਵਿਚ ਦੇਖਣਾ ਚਾਹੁੰਦੇ ਹਨ | ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਧੜੇਬੰਦੀ ਦੇ ਖਾਤਮੇ ਅਤੇ ਪਾਰਟੀ ਟਿਕਟਾਂ ਸਬੰਧੀ ਭੰਬਲ ਭੂਸੇ ਨੂੰ ਜਲਦ ਖ਼ਤਮ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਧੜੇਬੰਦੀ ਕਾਰਨ ਪਾਰਟੀ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ |