ਕੋਟਕਪੂਰਾ, 22 ਜਨਵਰੀ (ਮੋਹਰ ਸਿੰਘ ਗਿੱਲ)-ਗੁਰਦੁਆਰਾ ਸਾਹਿਬ ਪਿੰਡ ਸਿਰਸੜੀ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ 'ਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦਾ ਸਮੂਹ ਸੰਗਤ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਦੌਰਾਨ ਕਈ ਰਾਗੀ ਜਥਿਆਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕੁਰਬਾਨੀ ਸਬੰਧੀ ਜਾਣਕਾਰੀ ਦਿੱਤੀ ਗਈ | ਗਤਕਾ ਪਾਰਟੀਆਂ ਵਲੋਂ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ | ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਭਾਈ ਬਲਜੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਆਧਾਰਿਤ ਕਵੀਸ਼ਰੀ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਖ਼ਾਲਸਾ ਨੇ ਸਮੁੱਚੀ ਕਮੇਟੀ ਵਲੋਂ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਸਮੂਹ ਸੰਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ | ਅੰਤ 'ਚ ਕਮੇਟੀ ਵਲੋਂ ਸਹਿਯੋਗੀ ਸ਼ਖ਼ਸੀਅਤਾਂ ਦਾ ਸਿਰੋਪਾਓ ਪਹਿਨਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਗਿਆਨ ਕੌਰ ਪਿੰਡ ਸਿਰਸੜੀ, ਬਲਜੀਤ ਸਿੰਘ ਸਰਪੰਚ ਅਨੋਖਪੁਰਾ, ਦੋਹਾਂ ਪੰਚਾਇਤਾਂ ਦੇ ਨੁਮਾਇੰਦਿਆਂ ਸਮੇਤ ਨਗਰ ਦੇ ਪਤਵੰਤੇ ਵੱਡੀ ਗਿਣਤੀ 'ਚ ਹਾਜ਼ਰ ਸਨ |