ਫ਼ਰੀਦਕੋਟ, 22 ਜਨਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਤੇ ਹਲਕਾ ਕੋਟਕਪੂਰਾ ਦੇ ਇੰਚਾਰਜ ਅਜੈਪਾਲ ਸਿੰਘ ਸੰਧੂ ਨੇ ਪਿੰਡ ਟਹਿਣਾ ਵਿਖੇ ਮਨਰੇਗਾ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਤੇ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੇ ਹਰ ਵਰਗ ਦੀ ਭਲਾਈ ਲਈ ਕਈ ਸਕੀਮਾਂ ਚਲਾਈਆਂ ਸਨ | ਇਸ ਤਰ੍ਹਾਂ ਮਜ਼ਦੂਰ ਵਰਗ ਦੀ ਭਲਾਈ ਲਈ ਵਿਸ਼ੇਸ਼ ਧਿਆਨ ਦਿੰਦਿਆਂ ਰੁਜ਼ਗਾਰ ਗਾਰੰਟੀ ਸਕੀਮ ਤਹਿਤ ਮਨਮੋਹਨ ਸਰਕਾਰ ਸਮੇਂ ਸੋਨੀਆ ਗਾਂਧੀ ਦੀ ਅਗਵਾਈ 'ਚ ਮਨਰੇਗਾ ਸਕੀਮ ਚਲਾਈ ਸੀ, ਜਿਸ ਨਾਲ ਪਿੰਡਾਂ ਅੰਦਰ ਮਜ਼ਦੂਰਾਂ ਨੂੰ ਪੱਕੀ ਮਜ਼ਦੂਰੀ ਮਿਲਣ ਲੱਗੀ ਸੀ ਪਰ ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਵੱਡੇ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਮਨਰੇਗਾ ਸਕੀਮ ਖ਼ਤਮ ਕਰਕੇ 'ਜੀ ਰਾਮ ਜੀ' ਸਕੀਮ ਸ਼ੁਰੂ ਕੀਤੀ ਹੈ | ਜਿਸ ਦਾ ਮਜ਼ਦੂਰ ਵਰਗ ਨੂੰ ਵੱਡਾ ਨੁਕਸਾਨ ਪਹੁੰਚੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸਮੁੱਚੇ ਦੇਸ਼ ਅੰਦਰ ਮਨਰੇਗਾ ਬਚਾਓ ਸੰਗਰਾਮ ਪ੍ਰੋਗਰਾਮ ਅਧੀਨ ਮੁਹਿੰਮ ਚਲਾਈ ਗਈ ਹੈ | ਜਿਸ ਵਿਚ ਮਨਰੇਗਾ ਨੂੰ ਖ਼ਤਮ ਕਰਨ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਜ਼ਿਲ੍ਹੇ ਅੰਦਰ ਮਨਰੇਗਾ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਮਨਰੇਗਾ ਸਕੀਮ ਖ਼ਤਮ ਕਰਨ ਬਾਰੇ ਦੱਸ ਕੇ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਦਾ ਡਟ ਕੇ ਵਿਰੋਧ ਕੀਤਾ ਜਾ ਸਕੇ | ਇਸ ਮੌਕੇ ਅਮਰਜੀਤ ਸਿੰਘ ਸੁੱਖਾ ਖਾਰਾ ਬਲਾਕ ਪ੍ਰਧਾਨ ਦਿਹਾਤੀ ਕੋਟਕਪੂਰਾ, ਬਲਵੰਤ ਸਿੰਘ ਭਾਣਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਗੁਰਵਿੰਦਰ ਸਿੰਘ ਸਾਬਕਾ ਸਰਪੰਚ ਟਹਿਣਾ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਟਹਿਣਾ, ਵੱਡੀ ਗਿਣਤੀ 'ਚ ਮਨਰੇਗਾ ਕਾਮੇ ਹਾਜ਼ਰ ਸਨ |