ਫ਼ਰੀਦਕੋਟ, 22 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਲਈ ਹੈਲਥ ਸਕੀਮ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਅੱਜ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਪ੍ਰੋ. ਗੁਰਸੇਵਕ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਵਲੋਂ ਇਸ ਸਕੀਮ ਨੂੰ ਅੱਜ ਸ਼ੁਰੂ ਕੀਤਾ ਗਿਆ | ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸਕੀਮ ਦਾ ਅੱਜ ਆਗਾਜ਼ ਹੋ ਗਿਆ ਹੈ ਅਤੇ ਇਸ ਹੈਲਥ ਸਕੀਮ ਦਾ ਪੰਜਾਬ ਦੇ 3 ਕਰੋੜ ਲੋਕਾਂ ਨੂੰ ਲਾਭ ਮਿਲੇਗਾ, ਜਿਸ 'ਚ ਕੋਈ ਵੀ ਗਰੀਬ ਪਰਿਵਾਰ ਜਾਂ ਮੱਧ ਵਰਗ ਕੋਈ ਵੀ ਇਸ ਸਕੀਮ ਦਾ ਫ਼ਾਇਦਾ ਲੈ ਸਕਦਾ ਹੈ ਅਤੇ 10 ਲੱਖ ਤੱਕ ਦਾ ਇਲਾਜ ਕਰਵਾ ਸਕਦੇ ਹਨ | ਹੈਲਥ ਕਾਰਡ ਬਣਾਉਣ ਲਈ ਜ਼ਿਲ੍ਹਾ ਫ਼ਰੀਦਕੋਟ 'ਚ 107 ਸੈਂਟਰ ਬਣਾਏ ਗਏ ਹਨ ਤਾਂ ਜੋ ਲੋਕਾਂ ਨੂੰ ਹੈਲਥ ਕਾਰਡ ਬਣਾਉਣ ਵਿਚ ਕੋਈ ਦਿੱਕਤ ਨਾ ਆਵੇ | ਉਨ੍ਹਾਂ ਦੱਸਿਆ ਕਿ ਇਕ ਕਾਰਡ 'ਤੇ ਪੂਰੇ ਪਰਿਵਾਰ ਦਾ ਇਲਾਜ ਬਿੱਲਕੁਲ ਮੁਫ਼ਤ ਹੋਵੇਗਾ ਅਤੇ ਮਰੀਜ਼ ਦਾ ਦਵਾਈਆਂ ਤੋਂ ਲੈ ਕੇ ਸਾਰੇ ਟੈਸਟ ਅਤੇ ਹਸਪਤਾਲ ਬੈੱਡ ਦਾ ਸਾਰਾ ਖਰਚਾ ਸਰਕਾਰ ਵਲੋਂ ਕੀਤਾ ਜਾਵੇਗਾ | ਚੇਅਰਮੈਨ ਧਾਲੀਵਾਲ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਉਠਾਉਣ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਕਿਸਾਨ ਵਿੰਗ ਬਲਰਾਜ ਸਿੰਘ, ਮਿਉਂਸੀਪਲ ਕੌਂਸਲਰ ਕਮਲਜੀਤ ਸਿੰਘ, ਡਾ. ਪਰਮਜੀਤ ਸਿੰਘ ਬਰਾੜ, ਡਾ. ਕਿਰਨ ਆਦਿ ਹਾਜ਼ਰ ਸਨ |