ਫ਼ਰੀਦਕੋਟ, 22 ਜਨਵਰੀ (ਜਸਵੰਤ ਸਿੰਘ ਪੁਰਬਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੇ ਕਿਸਾਨਾਂ ਵਲੋਂ ਐਸ.ਐਸ.ਪੀ ਦਫ਼ਤਰ ਵਿਖੇ ਵੱਡੀ ਇਕੱਤਰਤਾ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂ ਵਾਲਾ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਦੇ ਨਾਲ ਨਾਲ ਪ੍ਰਸ਼ਾਸਨ ਵਲੋਂ ਵੀ ਕਿਸਾਨੀ ਮਸਲਿਆਂ ਪ੍ਰਤੀ ਸੰਜੀਦਗੀ ਨਾ ਦਿਖਾਉਂਦੇ ਹੋਏ ਬੇਰੁਖੀ ਹੀ ਦਿਖਾਈ ਜਾ ਰਹੀ ਹੈ | ਜਿਸ ਸਬੰਧੀ ਅੱਜ ਦੇ ਧਰਨੇ ਵਿਚ ਪ੍ਰਸ਼ਾਸਨ ਦੀ ਇਸ ਢਿੱਲ ਮੱਠ ਦੇ ਰੋਸ ਵਜੋਂ ਫ਼ੈਸਲਾ ਕੀਤਾ ਗਿਆ ਹੈ ਕਿ ਕੋਟਕਪੂਰਾ ਬਲਾਕ ਦੇ ਨੌਜਵਾਨ ਆਗੂ ਵਿਪਨ ਸਿੰਘ ਸੇਖੋਂ ਫ਼ਿੱਡੇ ਕਲਾਂ ਦੇ ਮਸਲੇ, ਬਲਾਕ ਸਾਦਿਕ ਦੇ ਪਿੰਡ ਮੁਮਾਰਾ ਦੇ ਕਿਸਾਨ ਦੇ ਮਸਲੇ ਅਤੇ ਪਿੰਡ ਲੰਭਵਾਲੀ ਦੇ ਕਿਸਾਨ ਰੁਲਦੂ ਸਿੰਘ ਦੀ ਜ਼ਮੀਨ ਉੱਪਰ ਇਕ ਪੈਟਰੋਲ ਪੰਪ ਦੇ ਮਾਲਕ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਦੇ ਮਸਲੇ ਆਦਿ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੇ ਹੋਰ ਲੰਬੇ ਸਮੇਂ ਤੋਂ ਲੰਬਿਤ ਪਏ ਮਸਲਿਆਂ ਨੂੰ ਹੱਲ ਕਰਵਾਉਣ ਨੂੰ ਲੈ ਕੇ ਅੱਜ ਇਹ ਧਰਨਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨੀ ਅੰਦੋਲਨ ਸਮੇਂ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੇ ਨਾਲ ਨਾਲ ਬਿਜਲੀ ਸੋਧ ਐਕਟ ਨੂੰ ਨਾ ਲੈ ਕੇ ਆਉਣ ਦਾ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਕੇਂਦਰ ਸਰਕਾਰ ਵਲੋਂ ਵਾਅਦਾ ਖਿਲਾਫ਼ੀ ਕਰਦੇ ਹੋਏ ਚਿੱਪ ਵਾਲੇ ਮੀਟਰਾਂ ਰਾਹੀਂ ਬਿਜਲੀ ਸੋਧ ਬਿੱਲ ਨੂੰ ਲਾਗੂ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ | ਇਸ ਲਈ ਜਥੇਬੰਦੀ ਵਲੋਂ ਅੱਜ ਸਰਬ ਸੰਮਤੀ ਨਾਲ ਪਾਸ ਕਰਦੇ ਹੋਏ ਪਿੰਡ ਇਕਾਈਆਂ ਦੀ ਉਨ੍ਹਾਂ ਚਿੱਪ ਵਾਲੇ ਸਮਾਰਟ ਮੀਟਰਾਂ ਨੂੰ ਉਤਾਰ ਕੇ ਬਿਜਲੀ ਦਫ਼ਤਰ ਵਿਚ ਜਮ੍ਹਾਂ ਕਰਵਾਉਣ ਦੀਆਂ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਇਸ ਮੌਕੇ ਇੰਦਰਜੀਤ ਸਿੰਘ ਘਣੀਆਂ ਜ਼ਿਲ੍ਹਾ ਜਨਰਲ ਸਕੱਤਰ, ਗੁਰਾਂਦਿੱਤਾ ਸਿੰਘ ਬਾਜਾਖਾਨਾ ਜ਼ਿਲ੍ਹਾ ਖਜ਼ਾਨਚੀ, ਨਿਰਮਲ ਸਿੰਘ ਪ੍ਰਧਾਨ ਬਲਾਕ ਕੋਟਕਪੂਰਾ, ਸ਼ਿੰਦਰਪਾਲ ਸਿੰਘ ਪ੍ਰਧਾਨ ਜੈਤੋ ਬਲਾਕ, ਨਾਇਬ ਸਿੰਘ ਸ਼ੇਰ ਸਿੰਘ ਵਾਲਾ, ਤੇਜਾ ਸਿੰਘ ਪੱਕਾ ਪ੍ਰਧਾਨ ਫ਼ਰੀਦਕੋਟ ਬਲਾਕ, ਸੁਖਚਰਨ ਸਿੰਘ ਕਾਲਾ ਪ੍ਰਧਾਨ ਗੋਲੇਵਾਲਾ, ਬਲਜਿੰਦਰ ਸਿੰਘ ਵਾੜਾ ਭਾਈਕਾ ਪ੍ਰਧਾਨ ਬਲਾਕ ਬਾਜਾਖਾਨਾ, ਜਤਿੰਦਰ ਜੀਤ ਸਿੰਘ ਭਿੰਡਰ ਜੈਤੋ, ਵਿਪਨ ਸਿੰਘ ਫਿੱਡੇ ਕਲਾਂ, ਰਾਜਵੀਰ ਸਿੰਘ ਪੱਖੀ, ਸੋਨਾ ਮਿਸ਼ਰੀ ਵਾਲਾ, ਸੁਖਪ੍ਰੀਤ ਸਿੰਘ ਝੱਖੜਵਾਲਾ, ਅੰਗਰੇਜ਼ ਸਿੰਘ ਵਾਂਦਰ, ਗੁਰਪ੍ਰੀਤ ਸਿੰਘ ਸਿੱਧੂ, ਇਕਬਾਲ ਸਿੰਘ ਬਾਜਾਖਾਨਾ, ਲਾਭ ਸਿੰਘ ਝੱਖੜਵਾਲਾ, ਗੁਰਾਂਦਿੱਤਾ ਸਿੰਘ ਵਾੜਾ ਭਾਈਕਾ, ਬੂਟਾ ਸਿੰਘ ਉਕੰਦਵਾਲਾ, ਹਰਭਗਵਾਨ ਸਿੰਘ ਉਕੰਦਵਾਲਾ, ਬੇਅੰਤ ਸਿੰਘ ਵਾਂਦਰ, ਨਾਹਰ ਸਿੰਘ ਪੱਪਾ ਡੋਡ, ਹਰਚਰਨ ਸਿੰਘ ਡੋਡ ਆਦਿ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ |