ਕੋਟਕਪੂਰਾ, 22 ਜਨਵਰੀ (ਮੋਹਰ ਸਿੰਘ ਗਿੱਲ)-ਕੋਟਕਪੂਰਾ- ਸਿੱਖਾਂ ਵਾਲਾ ਸੰਪਰਕ ਸੜਕ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਿੱਖਾਂ ਵਾਲਾ ਦਾ ਨੌਜਵਾਨ ਗੁਰਵਿੰਦਰ ਸਿੰਘ ਸੰਧੂ (30) ਪੁੱਤਰ ਬਲਤੇਜ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਵੇਰ ਸਮੇਂ ਪਿੰਡ ਸਿੱਖਾਂ ਵਾਲਾ ਤੋਂ ਕੋਟਕਪੂਰਾ ਨੂੰ ਆਪਣੀ ਡਿਊਟੀ 'ਤੇ ਜਾ ਰਿਹਾ ਸੀ ਕਿ ਸੜਕ ਵਿਚਕਾਰ ਅਚਾਨਕ ਕੋਈ ਬੇਸਹਾਰਾ ਪਸ਼ੂ ਆ ਜਾਣ ਕਾਰਨ ਉਸ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਬਹੁਤ ਜ਼ਿਆਦਾ ਜ਼ਖ਼ਮੀ ਹੋ ਗਿਆ | ਮੌਕੇ 'ਤੇ ਇਕੱਤਰ ਹੋਏ ਲੋਕਾਂ ਵਲੋਂ ਉਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪਿੰਡ ਵਾਸੀ ਅਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਅਜੇ ਕੁਆਰਾ ਸੀ ਅਤੇ ਉਸ ਦੀਆਂ ਦੋਵੇਂ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਹਨ | ਬਹਿਰੀਨ ਦੇਸ਼ ਤੋਂ ਵਾਪਸ ਪਰਤਣ ਉਪਰੰਤ ਉਹ ਕੋਟਕਪੂਰਾ ਵਿਖੇ ਇਕ ਬੈਂਕ 'ਚ ਨੌਕਰੀ ਕਰਦਾ ਸੀ | ਮਿ੍ਤਕ ਨੌਜਵਾਨ ਦੀ ਮੌਤ ਕਾਰਨ ਪਿੰਡ 'ਚ ਸੋਗ ਦਾ ਮਾਹੌਲ ਹੈ |