19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਫ਼ਰੀਦਕੋਟ ਡੀ.ਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਫ਼ਰੀਦਕੋਟ, 18 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਮਿੰਨੀ ਸਕੱਤਰੇਤ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਮੰਗਲਵਾਰ ਦੁਪਹਿਰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵਲੋਂ ਤੁਰੰਤ ਮਿੰਨੀ ਸਕੱਤਰੇਤ ਕੰਪਲੈਕਸ ਨੂੰ ਖਾਲੀ ਕਰਵਾ ਕੇ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ।

ਅਜੀਤ ਡੈਸਕ 19-08-2026
ਫ਼ਰੀਦਕੋਟ, 18 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਮਿੰਨੀ ਸਕੱਤਰੇਤ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਮੰਗਲਵਾਰ ਦੁਪਹਿਰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵਲੋਂ ਤੁਰੰਤ ਮਿੰਨੀ ਸਕੱਤਰੇਤ ਕੰਪਲੈਕਸ ਨੂੰ ਖਾਲੀ ਕਰਵਾ ਕੇ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜੀ ਗਈ ਧਮਕੀ ਭਰੀ ਈ-ਮੇਲ ਕਥਿਤ ਤੌਰ ’ਤੇ ‘ਖਾਲਿਸਤਾਨ ਨੈਸ਼ਨਲ ਆਰਮੀ’ ਦੇ ਨਾਮ ਨਾਲ ਭੇਜੀ ਗਈ ਸੀ। ਈ-ਮੇਲ ਪ੍ਰਾਪਤ ਹੁੰਦੇ ਹੀ ਇਸ ਦੀ ਸੂਚਨਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਮਿੰਨੀ ਸਕੱਤਰੇਤ ਵਿਚ ਮੌਜੂਦ ਅਧਿਕਾਰੀਆਂ, ਕਰਮਚਾਰੀਆਂ ਅਤੇ ਆਪਣੇ ਕੰਮਕਾਜ ਲਈ ਆਏ ਆਮ ਲੋਕਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਦਿੱਤਾ। ਸੂਚਨਾ ਮਿਲਦੇ ਹੀ ਡੀ.ਐਸ.ਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਮੌਕੇ ’ਤੇ ਪਹੁੰਚਿਆ। ਪੁਲਿਸ ਦੀ ਐਂਟੀ - ਸੈਬੋਟਾਜ ਟੀਮ ਅਤੇ ਡੌਗ ਸਕੁਐਡ ਦੀ ਮਦਦ ਨਾਲ ਮਿੰਨੀ ਸਕੱਤਰੇਤ ਦੇ ਪੂਰੇ ਕੰਪਲੈਕਸ, ਡੀ.ਸੀ. ਦਫ਼ਤਰ ਦੀ ਮੁੱਖ ਇਮਾਰਤ, ਆਲੇ-ਦੁਆਲੇ ਦੇ ਖੇਤਰਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਪੁਲਿਸ ਟੀਮਾਂ ਵਲੋਂ ਕਾਫ਼ੀ ਸਮੇਂ ਤੱਕ ਚੱਪਾ-ਚੱਪਾ ਖੰਗਾਲਿਆ ਗਿਆ, ਪਰ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਜਾਂ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਈ-ਮੇਲ ਰਾਹੀਂ ਮਿਲੀ ਧਮਕੀ ਨੂੰ ਪੁਲਿਸ ਵਲੋਂ ਬੇਹੱਦ ਗੰਭੀਰਤਾ ਨਾਲ ਲਿਆ ਗਿਆ ਅਤੇ ਤੁਰੰਤ ਸੁਰੱਖਿਆ ਦੇ ਲੋੜੀਂਦੇ ਕਦਮ ਚੁੱਕੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਅਤੇ ਫ਼ਰੀਦਕੋਟ ਵਿਚ ਅਜਿਹੀਆਂ ਝੂਠੀਆਂ (ਹੋਕਸ) ਧਮਕੀਆਂ ਮਿਲਦੀਆਂ ਰਹੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਕਿਸੇ ਵੀ ਧਮਕੀ ਜਾਂ ਸੂਚਨਾ ਨੂੰ ਹਲਕੇ ਵਿਚ ਨਹੀਂ ਲੈਂਦਾ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਂਦੇ ਹਨ। ਡੀਐਸਪੀ ਨੇ ਦੱਸਿਆ ਕਿ ਫਿਲਹਾਲ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਇਸ ਦੇ ਬਾਵਜੂਦ ਸਾਵਧਾਨੀ ਵਜੋਂ ਮਿੰਨੀ ਸਕੱਤਰੇਤ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲਿਸ ਵਲੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਧਮਕੀ ਭਰੀ ਈ-ਮੇਲ ਭੇਜਣ ਵਾਲੇ ਸ਼ਰਾਰਤੀ ਤੱਤਾਂ ਦਾ ਪਤਾ ਲਗਾਉਣ ਲਈ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਈ-ਮੇਲ ਦੇ ਸਰੋਤ ਅਤੇ ਇਸ ਨੂੰ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਬਰਾਉਣ ਦੀ ਬਜਾਏ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।
ਪਿਛਲੀ ਖ਼ਬਰ ਵਪਾਰ ਮੰਡਲ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਲਾਲਾਬਾਦ ਰੋਡ ਓਵਰਬ੍ਰਿਜ ਹੇਠ ਲਾਂਘਾ ਖੋਲ੍ਹਣ ਦੀ ਕੀਤੀ ਮ... ਅਗਲੀ ਖ਼ਬਰ ਨਸ਼ੇ ਦੇ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਤਿੰਨ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।