ਰਾਜਪੁਰਾ, 19 ਅਕਤੂਬਰ (ਜੀ. ਪੀ. ਸਿੰਘ)- ਜ਼ਿਲ੍ਹਾ ਪਟਿਆਲਾ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਹਰਮਨਦੀਪ ਸਿੰਘ ਹਾਂਸ, ਸੁਪਰਡੈਂਟ ਪੁਲਿਸ ਸਰਕਲ ਰਾਜਪੁਰਾ ਬਿਕਰਮਜੀਤ ਸਿੰਘ ਬਰਾੜ ਤੇ ਡੀ. ਐੱਸ. ਪੀ. ਰਾਜਪੁਰਾ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਸ਼ਹਿਰ ਅੰਦਰ ਕੀਤੀਆਂ ਜਾ ਰਹੀਆਂ ਨਾਕਾਬੰਦੀਆਂ ਦੌਰਾਨ ਇਕ ਮਿਲੀ ਸਫ਼ਲਤਾ ਸੰਬੰਧੀ ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਮਿਤ ਮੋਰ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਚੌਂਕੀ ਕਸਤੂਰਬਾ ਦੇ ਇੰਚਾਰਜ ਅਜੈ ਕੁਮਾਰ ਦੀ ਅਗਵਾਈ ਹੇਠ ਲਗਾਏ ਗਏ ਨਾਕੇ ਦੌਰਾਨ ਇਕ ਵਰਨਾ ਕਾਰ ਨੂੰ ਸ਼ੱਕ ਦੇ ਆਧਾਰ ’ ਤੇ ਰੋਕਿਆ ਗਿਆ। ਜਦੋਂ ਪੁਲਿਸ ਪਾਰਟੀ ਨੇ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਵਿਚੋਂ ਇਕ ਦੇਸੀ ਪਿਸਤੌਲ 30 ਬੋਰ, ਦੋ ਮੈਗਜ਼ੀਨ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਦੋਵੇਂ ਮੁਲਜ਼ਮਾ ਦੀ ਪਹਿਚਾਣ ਗੌਰਵ ਜੋਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਮੰਡੌਲੀ ਅਤੇ ਰਣਵੀਰ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਖੇੜੀ ਗੰਡਿਆਂ ਵਜੋਂ ਹੋਈ ਹੈ। ਪੁਲਿਸ ਪਾਰਟੀ ਨੇ ਮੌਕੇ ’ਤੇ ਹੀ ਦੋਨਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਅਧਿਕਾਰੀਆਂ ਅਨੁਸਾਰ ਦੋਵੇਂ ਮੁਲਜ਼ਮ ਆਪਸ ਵਿਚ ਦੋਸਤ ਹਨ ਅਤੇ ਗਡੀ ਗੌਰਵ ਜੋਤ ਸਿੰਘ ਦੀ ਸੀ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦਾ ਕਿਸੇ ਨਾਲ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਥਿਆਰ ਕਿੱਥੋਂ ਲਿਆਂਦਾ ਗਿਆ ਸੀ ਅਤੇ ਕੀ ਇਨ੍ਹਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਜਾਂ ਕਿਸੇ ਗੈਂਗ ਨਾਲ ਸੰਬੰਧ ਹੈ।