ਰਾਜਪੁਰਾ, 23 ਸਤੰਬਰ (ਜੀ.ਪੀ. ਸਿੰਘ)- ਸਥਾਨਕ ਟ੍ਰੈਫਿਕ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ’ਤੇ ਸ਼ਿਕੰਜਾ ਕਸਦਿਆਂ ਹੋਇਆਂ 25 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਜਾਣਕਾਰੀ ਦੇ ਅਨੁਸਾਰ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਹਰਮਨਦੀਪ ਸਿੰਘ ਹੰਸ, ਪੁਲਿਸ ਕਪਤਾਨ ਟ੍ਰੈਫਿਕ ਅਸ਼ੋਕ ਕੁਮਾਰ ਫਤਿਹ, ਡੀ.ਐੱਸ.ਪੀ. ਪੁਨੀਤ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਰਾਜਪੁਰਾ ਗਗਨ ਚੌਂਕ, ਟਾਹਲੀ ਵਾਲਾ ਚੌਂਕ ਅਤੇ ਮਿੰਨੀ ਸਕੱਤਰੇਤ ਤੇ ਕਚਹਿਰੀ ਰੋਡ ’ਤੇ ਨਾਕਾਬੰਦੀ ਕਰਕੇ ਕੁੱਲ 25 ਵਾਹਨ ਚਾਲਕਾਂ ਦੇ ਚਲਾਨ ਕੱਟੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਜਪੁਰਾ ਗਗਨ ਚੌਂਕ, ਟਾਹਲੀ ਵਾਲਾ ਚੌਂਕ, ਐੱਮ.ਐੱਲ.ਏ. ਰੋਡ ਸਮੇਤ ਸੜਕ ’ਤੇ ਵਾਹਨ ਖੜੇ ਕਰਕੇ ਆਵਾਜਾਈ ਦੇ ਵਿਚ ਵਿਘਨ ਪਾਇਆ ਤਾਂ ਉਹ ਗੱਡੀਆਂ ਥਾਣੇ ’ਚ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ। ਟ੍ਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਵਲੋਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟਾਹਲੀ ਵਾਲਾ ਚੌਂਕ ਨੇੜੇ ਬਣਾਈ ਗਈ ਨਿਰਧਾਰਿਤ ਪਾਰਕਿੰਗ ’ਚ ਹੀ ਆਪਣੇ ਵਾਹਨ ਖੜ੍ਹੇ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਟ੍ਰੈਫਿਕ ਪੁਲਿਸ ਦੇ ਸਹਾਇਕ ਥਾਣੇਦਾਰ ਤਜਿੰਦਰ ਪਾਲ, ਸਹਾਇਕ ਥਾਣੇਦਾਰ ਮਨਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ।