ਬਨੂੜ, 16 ਮਈ (ਭੁਪਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਮਾਹਿਰਾਂ ਦੀ ਇਕ ਟੀਮ ਨੇ ਪਿੰਡ ਜੰਗਪੁਰਾ ਵਿਖੇ ਕਿਸਾਨਾਂ ਵਲੋਂ ਲਗਾਈ ਗਈ ਖ਼ਰਬੂਜ਼ੇ ਦੀ ਫ਼ਸਲ ਦਾ ਸਰਵੇਖਣ ਕੀਤਾ | ਮਾਹਿਰਾਂ ਦੀ ਟੀਮ ਵਿਚ ਪ੍ਰਸਿੱਧ ਪੌਦਾ ਰੋਗ ਵਿਗਿਆਨ ਅਤੇ ਸਬਜ਼ੀ ਵਿਗਿਆਨ ਵਿਭਾਗਾਂ ਦੇ ਵਿਗਿਆਨੀਆਂ ਦੇ ਨਾਲ ਨਾਲ ਕਿ੍ਸੀ ਵਿਗਿਆਨ ਕੇਂਦਰ ਪਟਿਆਲਾ, ਫਾਰਮ ਸਲਾਹਕਾਰ ਕੇਂਦਰ ਪਟਿਆਲਾ ਅਤੇ ਮੋਹਾਲੀ ਦੇ ਅਧਿਕਾਰੀਆਂ ਮੌਜੂਦ ਸਨ | ਸਰਵੇਖਣ ਦੌਰਾਨ ਟੀਮ ਨੇ ਵੇਖਿਆ ਕਿ ਜ਼ਿਆਦਾਤਰ ਕਿਸਾਨਾਂ ਨੇ ਖ਼ਰਬੂਜ਼ੇ ਦੀਆਂ ਹਾਈਬਿ੍ਡ ਕਿਸਮਾਂ ਨੂੰ ਬੈਡਾਂ ਉੱਤੇ ਪੋਲੀਥੀਨ ਮਲਚ ਹੇਠ ਬੀਜਿਆ ਹੋਇਆ ਸੀ, ਪਰ ਭਾਰੀ ਮਿੱਟੀ ਅਤੇ ਪਾਣੀ ਦੀ ਘੱਟ ਨਿਕਾਸੀ ਕਰਕੇ ਵੇਲਾਂ ਦੇ ਮੁਰਝਾਉਣ ਦੀ ਸਮੱਸਿਆ ਆਈ ਸੀ | ਵਿਗਿਆਨੀਆਂ ਨੇ ਖ਼ਰਬੂਜ਼ੇ ਦੀ ਫ਼ਸਲ ਵਿਚ ਪੀਲੇ ਧੱਬਿਆਂ (ਡਾਊਨੀ ਮਿਲਡੀਉ) ਦੇ ਰੋਗ ਅਤੇ ਚਿੱਟਾ ਰੋਗ(ਪਾਉਡਰੀ ਮਿਲਡੀਉ) ਦਾ ਘੱਟ ਤੇ ਦਰਮਿਆਨਾ ਪ੍ਰਕੋਪ ਵੀ ਦੇਖਿਆ | ਮਾਹਿਰਾਂ ਨੇ ਕਿਸਾਨਾਂ ਨੂੰ ਰੋਗਾਂ ਦੇ ਫੈਲਾਓ ਨੂੰ ਘਟਾਉਣ ਲਈ ਸਰਬ ਪੱਖੀ ਰੋਗ ਪ੍ਰਬੰਧਨ ਅਤੇ ਲਾਈਨਾਂ ਦੀ ਸਹੀ ਸੰਭਾਲ ਅਪਣਾਉਣ ਦੀ ਸਲਾਹ ਦਿੱਤੀ | ਕਿਸਾਨਾਂ ਨੂੰ ਸਿੰਚਾਈ ਹਲਕੀ ਕਰਨ ਅਤੇ ਪਾਣੀ ਖੜਾ ਹੋਣ ਵਾਲੀ ਥਾਂ 'ਤੇ ਮਚਲ ਸੀਟਾਂ ਵਿਚ ਛੇਕ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ ਤਾਂ ਜੋ ਜੜਾਂ ਦੇ ਆਲੇ ਦੁਆਲੇ ਮਿੱਟੀ ਹਵਾਦਾਰੀ ਬਣੀ ਰਹੇ | ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਜੋਰ ਦੇ ਕੇ ਕਿਹਾ ਕਿ ਸਹੀ ਸਿੰਚਾਈ ਪ੍ਰਬੰਧਨ ਬਿਹਤਰ ਨਿਕਾਸੀ ਅਤੇ ਸਮੇਂ ਸਿਰ ਰੋਗ ਦੀ ਨਿਗਰਾਨੀ ਅਤੇ ਸਰਬਪੱਖੀ ਫ਼ਸਲ ਪ੍ਰਬੰਧਨ ਤਰੀਕੇ ਕੱਦੂ ਵਰਗੀਆਂ ਫ਼ਸਲਾਂ ਦੀ ਸਿਹਤ ਅਤੇ ਉਤਪਾਦਨ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹਨ | ਦੱਸਣਯੋਗ ਹੈ ਕਿ ਬਨੂੜ ਨੇੜੇ ਦੇ ਪਿੰਡਾਂ ਵਿਚ ਖ਼ਰਬੂਜ਼ੇ ਦੀ ਫ਼ਸਲ ਨੂੰ ਫੰਗਸ ਅਤੇ ਝੁਲਸ ਰੋਗ ਦੇ ਹਮਲੇ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਅਤੇ ਇਹ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵਲੋਂ ਇਲਾਕੇ ਦੇ ਕਿਸਾਨਾਂ ਵਲੋਂ ਬੀਜੀ ਹੋਈ ਖ਼ਰਬੂਜ਼ੇ ਦੀ ਫ਼ਸਲ ਦਾ ਮੁਆਇਨਾ ਕਰਕੇ ਉਨਾਂ ਨੂੰ ਇਸ ਬਾਰੇ ਯੋਗ ਸਲਾਹਾਂ ਦਿੱਤੀਆਂ | ਇਸ ਮੌਕੇ ਡਾ. ਦਿਲਪ੍ਰੀਤ, ਸੰਦੀਪ ਜੈਨ, ਕਿਸਾਨ ਪਰਮਜੀਤ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ, ਰਵਿੰਦਰ ਸਿੰਘ, ਜਤਿੰਦਰ ਸਿੰਘ, ਪਰਮਜੀਤ ਸਿੰਘ ਪੰਮੀ ਆਦਿ ਹਾਜ਼ਰ ਸਨ |