ਬਹਾਦਰਗੜ੍ਹ, 16 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ਅੱਜ ਬੈਚੁਲਰ ਆਫ਼ ਆਰਟਸ (ਮੇਜਰ ਇੰਨ ਗੁਰਮੁਖੀ ਐਜੂਕੇਸ਼ਨ) ਦੇ ਵਿਦਿਆਰਥੀਆਂ ਦੀ ਟਰੇਨਿੰਗ ਦੀ ਪ੍ਰਾਰੰਭਤਾ ਤੇ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ 'ਸਮਾਜ ਨਾਲ ਸਾਂਝ ਕਿਵੇਂ ਪਾਈਏ' ਵਿਸ਼ੇ ਤਹਿਤ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪਹਿਚਾਣ ਬਣਾਉਣੀ ਔਖੀ ਹੈ | ਇਸ ਉਪਰੰਤ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸਿੱਖ ਪਹਿਚਾਣ ਦੇ ਸਵਾਲ ਅਤੇ ਸਮਾਜਿਕ ਪਹਿਚਾਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਫਿਰ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਚਾਰ ਰਾਹੀਂ ਸਮਾਜ ਵਿਚ ਆਪਣਾ ਯੋਗਦਾਨ ਦਿੰਦੇ ਹੋਏ ਸਮਾਜ ਨਾਲ ਜੁੜਨ ਲਈ ਕਿਹਾ | ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਅਨੁਸਾਰ ਸੁਚੱਜੇ ਢੰਗ ਨਾਲ ਜਿਉਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਤੈਅ ਕਰਨਾ ਚਾਹੀਦਾ ਹੈ | ਫਿਰ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗੁਰਬਾਣੀ ਸਾਨੂੰ ਇਕ ਖਾਸ ਕਿਸਮ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਜਿਸ ਨਾਲ ਅਸੀਂ ਸਮਾਜ ਦੀ ਸੇਵਾ ਕਰ ਸਕਦੇ ਹਾਂ | ਇਸ ਤੋਂ ਉਪਰੰਤ ਸੰਸਥਾ ਦੇ ਪਿ੍ੰਸੀਪਲ ਸੁਖਦੇਵ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ | ਉਨ੍ਹਾਂ ਨੇ ਸਿੱਖ ਧਰਮ ਵਿਚ 'ਲੰਗਰ ਪ੍ਰਥਾ' ਦੀ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਸਿੱਖ ਧਰਮ ਵਿਚ ਸਮਾਜ ਨਾਲ ਜੁੜਨ ਦੀਆਂ ਵੱਡਮੁੱਲੀਆਂ ਉਦਾਹਰਣਾਂ ਮੌਜੂਦ ਹਨ | ਫਿਰ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੇ ਸਮਾਜਿਕ ਪ੍ਰਾਣੀ ਬਣਨ ਲਈ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ |