ਸਨੌਰ, 16 ਮਈ (ਸੋਖਲ)-ਹਲਕਾ ਸਨੌਰ ਦੇ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ ਅਤੇ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਮਕਸਦ ਨਾਲ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਅੱਜ ਇਲਾਕੇ ਦੇ ਪ੍ਰਮੁੱਖ ਇੰਡਸਟਰੀ ਮਾਲਕਾਂ ਅਤੇ ਉਦਯੋਗਪਤੀਆਂ ਨਾਲ ਇਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਇੰਡਸਟਰੀ ਮਾਲਕਾਂ ਨੇ ਆਪਣੀਆਂ ਵੱਖ-ਵੱਖ ਮੰਗਾਂ, ਮੁਸ਼ਕਲਾਂ ਅਤੇ ਉਦਯੋਗਿਕ ਖੇਤਰ ਦੇ ਵਿਕਾਸ ਸੰਬੰਧੀ ਵਿਚਾਰ ਹਡਾਣਾ ਨਾਲ ਸਾਂਝੇ ਕੀਤੇ | ਉਨ੍ਹਾਂ ਨਾਲ ਚੇਅਰਮੈਨ ਹਨੀ ਮਾਹਲਾ, ਦਵਿੰਦਰ ਸਿੰਘ ਮਾੜੂ, ਪੀ ਏ ਲਾਲੀ ਰਹਿਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਐਮ.ਐਸ.ਐਮ.ਈ. ਇੰਡਸਟਰੀਅਲ ਐਸੋਸੀਏਸ਼ਨ ਪਟਿਆਲਾ ਰਜਿਸਟਰਡ ਦੇ ਪ੍ਰਧਾਨ ਸੰਜੀਵ ਗੋਇਲ, ਵਾਈਸ ਪ੍ਰੈਸੀਡੈਂਟ ਰਮਨਦੀਪ ਸਿੰਘ, ਜਨਰਲ ਸੈਕਟਰੀ ਰਿਸ਼ਭ ਅਗਰਵਾਲ, ਜੁਇੰਟ ਸੈਕਟਰੀ ਮਨੀਸ਼ ਮਲਹੋਤਰਾ, ਫਾਈਨਾਂਸ ਸੈਕਟਰੀ ਪੰਕਜ ਜਿੰਦਲ, ਐਕਸਕਿਊਟਿਵ ਮੈਂਬਰ ਅਰਸ਼ਦੀਪ ਸਿੰਘ, ਅਤੇ ਰਜੇਸ਼ ਕੁਮਾਰ ਵਿਸ਼ੇਸ ਤੌਰ 'ਤੇ ਮੌਜੂਦ ਸਨ | ਮੀਟਿੰਗ ਦੌਰਾਨ ਇੰਡਸਟਰੀ ਮਾਲਕਾਂ ਵੱਲੋਂ ਉਦਯੋਗਿਕ ਖੇਤਰਾਂ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ, ਸੜਕਾਂ ਦੇ ਬੁਨਿਆਦੀ ਢਾਂਚੇ, ਸੁਰੱਖਿਆ ਅਤੇ ਸਰਕਾਰੀ ਪ੍ਰਕਿਰਿਆਵਾਂ ਨੂੰ ਪਹਿਲਾ ਨਾਲੋਂ ਬਿਹਤਰ ਬਣਾਉਣ ਲਈ ਮਾਨ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਤੋਂ ਇਲਾਵਾ ਉਦਯੋਗਪਤੀਆਂ ਦੀਆਂ ਹੋਰਨਾਂ ਮੰਗਾਂ ਨੂੰ ਵੀ ਬਹੁਤ ਗੰਭੀਰਤਾ ਨਾਲ ਸੁਣਦਿਆਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ ਅਤੇ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਬੁਨਿਆਦੀ ਸਹੂਲਤਾਂ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ, ਉਦਯੋਗਪਤੀ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ | ਜਦੋਂ ਹਲਕੇ ਵਿੱਚ ਇੰਡਸਟਰੀ ਤਰੱਕੀ ਕਰੇਗੀ, ਤਾਂ ਸਾਡੇ ਸਥਾਨਕ ਨੌਜਵਾਨਾਂ ਨੂੰ ਘਰਾਂ ਦੇ ਨੇੜੇ ਹੀ ਰੁਜ਼ਗਾਰ ਮਿਲੇਗਾ, ਜਿਸ ਨਾਲ ਪੂਰੇ ਇਲਾਕੇ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ | ਹਡਾਣਾ ਨੇ ਇੰਡਸਟਰੀ ਮਾਲਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੀਆਂ ਫੈਕਟਰੀਆਂ ਅਤੇ ਉਦਯੋਗਾਂ ਵਿਚ ਹਲਕਾ ਸਨੌਰ ਦੇ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਪਹਿਲ ਦੇਣ | ਮੀਟਿੰਗ ਵਿਚ ਹਾਜ਼ਰ ਸਮੂਹ ਇੰਡਸਟਰੀ ਮਾਲਕਾਂ ਨ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਮਿਲੇ ਹਾਂ-ਪੱਖੀ ਹੁੰਗਾਰੇ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ |