ਪਟਿਆਲਾ, 7 ਮਈ (ਧਰਮਿੰਦਰ ਸਿੰਘ ਸਿੱਧੂ)-ਭਾਜਪਾ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੱਛਮ ਬੰਗਾਲ ਅਤੇ ਦੋ ਰਾਜਾਂ ਆਸਾਮ ਤੇ ਪੁਡੂਚੇਰੀ 'ਚ ਇਤਿਹਾਸਿਕ ਜਿੱਤ ਹਾਸਿਲ ਕੀਤੀ ਗਈ ਹੈ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਗੁਰਵਿੰਦਰ ਕਾਂਸਲ ਵਲੋਂ ਭਾਜਪਾ ਆਗੂਆਂ ਨਾਲ ਮਿਲਕੇ ਪਟਿਆਲਾ ਦਿਹਾਤੀ ਦੇ ਬਾਬਾ ਦੀਪ ਸਿੰਘ ਨਗਰ ਤੋਂ ਗੁਰਬਖ਼ਸ਼ ਕਾਲੋਨੀ ਚੌਂਕ ਤੱਕ ਇਕ ਰੋਡ ਸ਼ੋਅ ਕੱਢਿਆ ਗਿਆ | ਜਿਸ ਦੌਰਾਨ ਕੇਕ ਕੱਟਿਆ ਅਤੇ ਲੱਡੂ ਵੰਡ ਕੇ ਇਸ ਜਿੱਤ ਦੀ ਖੁਸ਼ੀ ਨੂੰ ਸਾਂਝਾ ਕੀਤਾ | ਭਾਜਪਾ ਆਗੂ ਗੁਰਵਿੰਦਰ ਕਾਂਸਲ ਨੇ ਬੋਲਦਿਆਂ ਕਿਹਾ ਕਿ ਬੰਗਾਲ ਅਤੇ ਦੋ ਰਾਜਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੁਣ ਭਾਜਪਾ ਪੰਜਾਬ ਰਾਜ ਨੂੰ ਵੀ ਸ਼ਾਨਦਾਰ ਤਰੀਕੇ ਨਾਲ ਫਤਿਹ ਕਰੇਗੀ ਅਤੇ ਪੰਜਾਬ ਵਿਚ ਵੀ ਭਾਜਪਾ ਦਾ ਝੰਡਾ ਲਹਿਰਾਏਗਾ | ਉਨ੍ਹਾਂ ਕਿਹਾ ਕਿ ਇਸ ਜਿੱਤ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿੱਤ ਸ਼ਾਹ ਅਤੇ ਉਨ੍ਹਾਂ ਦੀ ਸਮੁੱਚੀ ਕੈਬਨਿਟ ਦੇ ਮੰਤਰੀ, ਭਾਜਪਾ ਦੇ ਸਾਰੇ ਹੀ ਆਗੂ ਅਤੇ ਮੈਂਬਰ ਵਧਾਈ ਦੇ ਪਾਤਰ ਹਨ | ਜਿਨ੍ਹਾਂ ਨੇ ਇਨ੍ਹਾਂ ਰਾਜਾਂ ਵਿਚ ਦਿਨ-ਰਾਤ ਮਿਹਨਤ ਕਰਕੇ ਭਾਜਪਾ ਦੀ ਜਿੱਤ ਵਿਚ ਅਹਿਮ ਭੂਮਿਕਾ ਨੂੰ ਨਿਭਾਇਆ ਹੈ | ਪੱਛਮ ਬੰਗਾਲ ਵਿਚ ਭਾਜਪਾ ਦੀ ਇਤਿਹਾਸਿਕ ਜਿੱਤ ਹੋਈ ਹੈ ਜਿੱਥੇ ਲਗਾਤਾਰ 15 ਸਾਲ ਤੋਂ ਸੱਤਾ 'ਤੇ ਕਾਬਜ਼ ਮਮਤਾ ਬੈਨਰਜੀ ਦੀ ਸਰਕਾਰ ਨੂੰ ਭਾਜਪਾ ਨੇ ਰਿਕਾਰਡ ਤੋੜ ਸੀਟਾਂ ਜਿੱਤ ਕੇ ਹਰਾਇਆ ਹੈ ਅਤੇ ਪਹਿਲੀ ਵਾਰ ਇਸ ਰਾਜ 'ਚ ਆਪਣੀ ਸਰਕਾਰ ਬਣਾਈ ਹੈ | ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਸੌਰਭ ਸ਼ਰਮਾ, ਇੰਦਰ ਨਾਰੰਗ, ਆਰ.ਕੇ. ਸਿੰਧੀ, ਮਦਨ ਲਾਲ ਕਾਂਸਲ, ਸ਼ਾਮ ਲਾਲ ਮਿੱਤਲ, ਵਿਕਾਸ ਮਿੱਤਲ, ਸਾਹਿਲ ਗੋਇਲ, ਵੰਸ਼ ਗੋਇਲ, ਲੱਕੀ, ਰਾਕੇਸ਼ ਮਹਿਤਾ, ਐੱਸ.ਕੇ.ਪਾਠੀ, ਐੱਸ.ਕੇ. ਭਾਰਦਵਾਜ, ਪੂਜਾ, ਯਸ਼ ਵਿਰਦੀ, ਕੁੰਦਨ ਅਤੇ ਹੋਰ ਮੈਂਬਰ ਮੌਜੂਦ ਸਨ |