08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਯੂਰੀਆ ਖਾਦ ਦੀ ਅਣਅਧਿਕਾਰਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਦਾ ਗਠਨ

ਅਜੀਤ ਡੈਸਕ 08-05-2026
ਪਟਿਆਲਾ, 7 ਮਈ (ਧਰਮਿੰਦਰ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪਟਿਆਲਾ ਵਿਚ ਯੂਰੀਆ ਖਾਦ ਦੀ ਅਣਅਧਿਕਾਰਿਤ ਵਰਤੋਂ ਅਤੇ ਡਾਇਵਰਜਨ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਦਾ ਗਠਨ ਕੀਤਾ ਗਿਆ ਹੈ | ਇਸ ਟਾਸਕਫੋਰਸ ਵਿਚ ਜ਼ਿਲੇ੍ਹ ਦੇ ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਮਾਲ ਅਫ਼ਸਰ ਅਤੇ ਐਸ.ਪੀ. ਹੈਡਕੁਆਰਟਰ ਨੂੰ ਸ਼ਾਮਲ ਕੀਤਾ ਗਿਆ ਹੈ | ਟਾਸਕਫੋਰਸ ਦਾ ਮੁੱਖ ਉਦੇਸ਼ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਸਬਸਿਡੀ ਸ਼ੁਦਾ ਯੂਰੀਆ ਦੀ ਗੈਰ-ਖੇਤੀਬਾੜੀ ਕੰਮਾਂ ਵਿਚ ਹੋ ਰਹੀ ਵਰਤੋਂ 'ਤੇ ਨਿਗਰਾਨੀ ਕਰਨਾ ਅਤੇ ਇਸ ਨੂੰ ਰੋਕਣਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਖੇਤੀਬਾੜੀ ਗਰੇਡ ਯੂਰੀਆ 'ਤੇ ਵੱਡੇ ਪੱਧਰ 'ਤੇ ਸਬਸਿਡੀ ਦਿੱਤੀ ਜਾਂਦੀ ਹੈ, ਤਾਂ ਜੋ ਕਿਸਾਨਾਂ ਨੂੰ ਖੇਤੀ ਲਈ ਖਾਦ ਵਾਜਬ ਕੀਮਤ 'ਤੇ ਉਪਲਬਧ ਹੋ ਸਕੇ | ਪਰੰਤੂ ਕੁਝ ਉਦਯੋਗਾਂ ਅਤੇ ਇਕਾਈਆਂ ਵਲੋਂ ਇਸ ਯੂਰੀਆ ਦੀ ਵਰਤੋਂ ਫੀਡ ਤਿਆਰ ਕਰਨ, ਰੇਜਿਨ ਬਣਾਉਣ ਅਤੇ ਪਲਾਈਵੁੱਡ ਫੈਕਟਰੀਆਂ ਸਮੇਤ ਹੋਰ ਗੈਰ-ਖੇਤੀਬਾੜੀ ਕੰਮਾਂ ਲਈ ਕੀਤੀ ਜਾ ਰਹੀ ਹੈ | ਇਸ ਨਾਲ ਸਰਕਾਰ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ ਅਤੇ ਕਿਸਾਨਾਂ ਲਈ ਯੂਰੀਆ ਦੀ ਉਪਲੱਬਧਤਾ ਪ੍ਰਭਾਵਿਤ ਹੁੰਦੀ ਹੈ | ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਨੇ ਦੱਸਿਆ ਕਿ ਟਾਸਕਫੋਰਸ ਵਲੋਂ ਜਿਲ੍ਹੇ ਵਿਚ ਯੂਰੀਆ ਖਾਦ ਦੀ ਸਪਲਾਈ, ਸਟੋਰੇਜ ਅਤੇ ਵਰਤੋਂ 'ਤੇ ਨਿਗਰਾਨੀ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਯੂਰੀਆ ਖਾਦ ਦੀ ਅਣਅਧਿਕਾਰਿਤ ਵਰਤੋਂ ਸਬੰਧੀ ਕੋਈ ਜਾਣਕਾਰੀ ਜਾਂ ਸ਼ਿਕਾਇਤ ਹੋਵੇ ਤਾਂ ਉਹ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਅਵਨਿੰਦਰ ਸਿੰਘ ਮਾਨ ਨਾਲ ਮੋਬਾਇਲ ਨੰਬਰ 80547-04471 'ਤੇ ਸੰਪਰਕ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਫਰਟੀਲਾਇਜ਼ਰ ਕੰਟਰੋਲ ਐਕਟ 1985 ਅਧੀਨ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਨੇ ਕਰਾਟੇ ਚੈਂਪੀਅਨਸ਼ਿਪ ਵਿਚ ਕੀਤਾ ਵਧੀਆ ਪ੍ਰਦਰਸ਼ਨ ਅਗਲੀ ਖ਼ਬਰ ਮੁੱਖ ਮੰਤਰੀ ਨੂੰ 'ਸ਼ੁਕਰਾਨਾ' ਨਹੀਂ ਸਗੋਂ ਪੰਜਾਬੀਆਂ ਤੋਂ 'ਮੁਆਫ਼ੀ ਯਾਤਰਾ' ਕੱਢਣੀ ਚਾਹੀਦੀ ਹੈ-ਕਿ੍ਸ਼ਨ ਸਿੰਘ ਸਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।