08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮੁੱਖ ਮੰਤਰੀ ਨੂੰ 'ਸ਼ੁਕਰਾਨਾ' ਨਹੀਂ ਸਗੋਂ ਪੰਜਾਬੀਆਂ ਤੋਂ 'ਮੁਆਫ਼ੀ ਯਾਤਰਾ' ਕੱਢਣੀ ਚਾਹੀਦੀ ਹੈ-ਕਿ੍ਸ਼ਨ ਸਿੰਘ ਸਨੌਰ

ਅਜੀਤ ਡੈਸਕ 08-05-2026
ਸਨੌਰ, 7 ਮਈ (ਮੋਹਣ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਸਨੌਰ ਦੀ ਇੰਚਾਰਜ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਕਿ੍ਸ਼ਨ ਸਿੰਘ ਸਨੌਰ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਕੱਢੀ ਜਾ ਰਹੀ 'ਸ਼ੁਕਰਾਨਾ ਯਾਤਰਾ' 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਦੇਖਦਿਆਂ ਮੁੱਖ ਮੰਤਰੀ ਨੂੰ ਸ਼ੁਕਰਾਨਾ ਨਹੀਂ, ਸਗੋਂ ਪੰਜਾਬ ਨਾਲ ਕੀਤੇ ਧੋਖਿਆਂ ਲਈ 'ਮੁਆਫ਼ੀ ਯਾਤਰਾ' ਆਰੰਭ ਕਰਨੀ ਚਾਹੀਦੀ ਸੀ | ਆਪ ਸਰਕਾਰ ਤੇ ਵਾਅਦਾ ਖ਼ਿਲਾਫ਼ੀ ਅਤੇ ਅਸਫ਼ਲਤਾਵਾਂ ਦਾ ਲਾਇਆ ਦੋਸ਼ ਲਾਉਂਦਿਆਂ ਕਿ੍ਸ਼ਨ ਸਿੰਘ ਸਨੌਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬੀਆਂ ਤੋਂ ਇਸ ਗੱਲ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਕਿ ਉਹ ਸੂਬੇ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ | ਉਨ੍ਹਾਂ ਕਿਹਾ ਕਿ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਮੁੱਦਾ ਹੋਵੇ, ਕੇਂਦਰ ਤੋਂ ਆਰ.ਡੀ.ਐਫ. ਦਾ ਫੰਡ ਲੈਣ ਵਿੱਚ ਨਾਕਾਮੀ ਹੋਵੇ ਜਾਂ ਫਿਰ ਪੰਜਾਬ ਦੀਆਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦੇਣ ਦੀ ਗਰੰਟੀ-ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ | ਜਥੇਦਾਰ ਸਨੌਰ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬੀਆਂ ਨੇ ਇਤਿਹਾਸ ਵਿੱਚ ਕਦੇ ਵੀ ਦਿੱਲੀ ਦੀ ਗੁਲਾਮੀ ਬਰਦਾਸ਼ਤ ਨਹੀਂ ਕੀਤੀ, ਪਰ ਮੌਜੂਦਾ ਸਰਕਾਰ ਦੀ ਕਮਾਨ ਪੂਰੀ ਤਰ੍ਹਾਂ ਦਿੱਲੀ ਦੇ ਆਗੂਆਂ ਦੇ ਹੱਥ ਵਿਚ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਫੈਸਲੇ ਪੰਜਾਬ ਵਿੱਚ ਨਹੀਂ ਸਗੋਂ ਦਿੱਲੀ ਤੋਂ ਲਏ ਜਾ ਰਹੇ ਹਨ, ਜਿਸ ਨੂੰ ਗੈਰਤਮੰਦ ਪੰਜਾਬੀ ਕਦੇ ਵੀ ਪ੍ਰਵਾਨ ਨਹੀਂ ਕਰਨਗੇ | ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿਨ-ਬ-ਦਿਨ ਪੰਜਾਬ ਦੇ ਹੱਕਾਂ 'ਤੇ ਡਾਕੇ ਮਾਰੇ ਜਾ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ | ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਨਾਜ਼ੁਕ ਹਾਲਾਤ ਵਿਚ ਮੁੱਖ ਮੰਤਰੀ ਕਿਸ ਮੂੰਹ ਨਾਲ ਲੋਕਾਂ ਕੋਲ ਸ਼ੁਕਰਾਨਾ ਕਰਨ ਜਾ ਰਹੇ ਹਨ? ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਗੁਮਰਾਹ ਕਰਨ ਦੀ ਥਾਂ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਨ ਅਤੇ ਪੰਜਾਬ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ | ਇਸ ਮੌਕੇ ਤੇ ਉਨ੍ਹਾਂ ਨਾਲ ਸਾਬਕਾ ਜਿਲ੍ਹਾ ਪਰਿਸ਼ਦ ਅਤੇ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਮੈਂਬਰ ਹਰਮਿੰਦਰ ਸਿੰਘ ਜੋਗੀਪੁਰ, ਲਖਵਿੰਦਰ ਸਿੰਘ ਚੌਹਾਨ ਸਨੌਰ ਪ੍ਰਧਾਨ ਆਲ ਸਕੂਲ ਟ੍ਰਾਂਸਪੋਰਟ ਯੁਨੀਅਨ ਜ਼ਿਲ੍ਹਾ ਪਟਿਆਲਾ, ਸੁਖਦੇਵ ਸਿੰਘ ਸੁੱਖੀ ਖੋਖਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਯੂਰੀਆ ਖਾਦ ਦੀ ਅਣਅਧਿਕਾਰਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਦਾ ਗਠਨ ਅਗਲੀ ਖ਼ਬਰ ਪਟਿਆਲਾ 'ਚ ਨੈਸ਼ਨਲ ਲੋਕ ਅਦਾਲਤ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।