04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਛੂਆ ਚਾਲ ਚੁਕਾਈ ਕਾਰਨ ਮੰਡੀ 'ਚ ਲੱਗੇ ਬੋਰੀਆਂ ਦੇ ਅੰਬਾਰ

ਅਜੀਤ ਡੈਸਕ 15-04-2026
ਰਾਜਪੁਰਾ, 14 ਅਪ੍ਰੈਲ (ਰਣਜੀਤ ਸਿੰਘ)-ਰਾਜਪੁਰਾ ਦੀ ਅਨਾਜ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਭਾਵੇਂ ਹਾਲੇ ਕਣਕ ਦਾ ਸੀਜ਼ਨ ਪੂਰੀ ਤਰ੍ਹਾਂ ਨਾਲ ਸ਼ੁਰੂ ਵੀ ਨਹੀਂ ਹੋਇਆ, ਇਸ ਦੇ ਬਾਵਜੂਦ ਵੀ ਮੰਡੀ ਵਿਚ ਚਾਰੇ ਪਾਸੇ ਕਣਕ ਹੀ ਕਣਕ ਵਿਖਾਈ ਦੇ ਰਹੀ ਹੈ | ਮੰਡੀ ਦੇ ਫੜਾਂ 'ਤੇ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰਾਂ ਕਾਰਨ ਸਰਕਾਰੀ ਦਾਅਵਿਆਂ ਦੀ ਇਕ ਤਰ੍ਹਾਂ ਨਾਲ ਫੂਕ ਜਿਹੀ ਨਿਕਲੀ ਵਿਖਾਈ ਦੇ ਰਹੀ ਹੈ | ਜਾਣਕਾਰੀ ਮੁਤਾਬਿਕ ਕਣਕ ਦੀ ਸਰਕਾਰੀ ਖ਼ਰੀਦ ਇਕ ਅਪ੍ਰੈਲ ਤੋਂ ਸ਼ੁਰੂ ਹੋਈ ਹੈ | ਇਸ ਤੋਂ ਬਾਅਦ ਕੁਦਰਤ ਰਾਣੀ ਕਿਸਾਨਾਂ ਦੇ ਉਲਟ ਹੀ ਭੁਗਤਦੀ ਰਹੀ ਹੈ ਅਤੇ ਖ਼ਰਾਬ ਮੌਸਮ ਦੇ ਚੱਲਦਿਆਂ ਵਾਢੀ ਚੰਗੀ ਤਰ੍ਹਾਂ ਨਾਲ ਸ਼ੁਰੂ ਨਹੀਂ ਹੋਈ | ਇਸ ਦੇ ਬਾਵਜੂਦ ਵੀ ਕਈ ਪਿੰਡਾਂ ਦੇ ਦਰਜਨਾਂ ਹੀ ਕਿਸਾਨਾਂ ਨੇ ਮੰਡੀ ਵਿਚ 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼ੁਰੂਆਤੀ ਦੌਰ ਵਿਚ ਹੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਪਾਣੀ ਤੱਕ ਦੇ ਵੀ ਪੁਖ਼ਤਾ ਪ੍ਰਬੰਧ ਨਹੀ ਹਨ | ਇਸ ਦੇ ਨਾਲ ਹੀ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਸੋਨੇ ਵਰਗੀ ਕਣਕ ਮੰਡੀ ਦੀਆਂ ਸੜਕਾਂ 'ਤੇ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਨੂੰ ਡਰ ਵੱਢ-ਵੱਢ ਖਾ ਰਿਹਾ ਹੈ ਕਿ ਜੇਕਰ ਇਸ ਸਮੇਂ ਬਾਰਸ਼ ਆ ਗਈ ਤਾਂ ਮੰਡੀ ਦੇ ਫੜਾਂ ਦਾ ਪਾਣੀ ਸੜਕਾਂ 'ਤੇ ਆ ਜਾਵੇਗਾ ਤਾਂ ਉਨ੍ਹਾਂ ਦੀ ਕਣਕ ਦਾ ਕੋਣ ਰਖਵਾਲਾ ਹੈ | ਇਸ ਦੇ ਨਾਲ ਹੀ ਕਈ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਮੰਡੀ ਵਿਚ ਕਣਕ ਦੀ ਬੋਲੀ ਨਹੀਂ ਹੋ ਰਹੀ ਹੈ | ਇਸ ਦਾ ਕਾਰਨ ਹੈ ਕਿ ਏਜੰਸੀਆਂ ਵਲੋਂ ਹੜਤਾਲ ਕੀਤੀ ਗਈ ਹੈ | ਇਸ ਸੰਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਜ਼ਸਵਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਟਕੇ ਵਰਗਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਤਾਂ ਹਾਲੇ ਤੱਕ ਸਟੇਟਮੈਂਟ ਨਹੀਂ ਆਈ ਕਿ ਅੱਜ ਤੱਕ ਕਣਕ ਦੀ ਕਿੰਨੀ ਆਮਦ ਹੋ ਚੁੱਕੀ ਹੈ, ਏਜੰਸੀਆਂ ਦੀ ਹੜਤਾਲ ਬਾਬਤ ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਏ.ਐਫ.ਐੱਸ.ਓ. ਦੱਸ ਸਕਦੇ ਹਨ | ਜਦੋਂ ਏ.ਐਨ.ਐੱਸ.ਓ. ਨਾਲ ਮੋਬਾਈਲ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਕੰਮ ਕਾਰ ਦੇ ਸੰਬੰਧ ਵਿਚ ਚੰਡੀਗੜ੍ਹ ਗਏ ਹੋਏ ਹਨ, ਇਸ ਸੰਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਨੇ ਦੱਸਿਆ ਕਿ ਅੱਜ ਤੱਕ ਮੰਡੀ ਵਿਚ 11130 ਮੈਟਿ੍ਕ ਟਨ ਕਣਕ ਆਈ ਹੈ | ਇਸ ਵਿਚੋਂ ਸਰਕਾਰੀ ਏਜੰਸੀਆਂ ਨੇ 9868 ਕਵਿੰਟਲ 1262 ਮੈਟਿ੍ਕ ਟਨ ਪੈਡਿੰਗ ਪਈ ਹੈ, ਹੁਣ ਤੱਕ 3320 ਮੈਟਿ੍ਕ ਟਨ ਲਿਫ਼ਟ ਹੋ ਚੁਕੀ ਹੈ ਅਤੇ 6548 ਮੈਟਿ੍ਕ ਟਨ ਅਣਲਿਫਟ ਪਈ ਹੈ | ਉਨ੍ਹਾਂ ਨੇ ਏਜੰਸੀਆਂ ਦੇ ਹੜਤਾਲ ਸੰਬੰਧੀ ਦੱਸਿਆ ਕਿ ਮੀਟਿੰਗ ਚੱਲ ਰਹੀ ਹੈ ਉਨ੍ਹਾਂ ਨੂੰ ਉਮੀਦ ਹੈ ਕਿ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ | ਉਨ੍ਹਾਂ ਨੇ ਕਿਹਾ ਕਿ ਮੰਡੀ ਵਿਚ ਜੋ ਵੀ ਕਮੀਆਂ ਹਨ ਉਹ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਦਿੱਤੀਆਂ ਗਈਆਂ ਹਨ |
ਪਿਛਲੀ ਖ਼ਬਰ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਠੱਗੇ 22 ਲੱਖ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਅਮਾਨਤਸਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।