ਨਾਭਾ, 1 ਅਪ੍ਰੈਲ (ਕਰਮਜੀਤ ਸਿੰਘ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗ਼ਾਲਿਬ) ਵਲੋਂ ਤਹਿਸੀਲ ਨਾਭਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਾਹਿਬ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਵਿਖੇ ਕਰਵਾਈ ਗਈ | ਮੀਟਿੰਗ ਦੀ ਅਗਵਾਈ ਤਹਿਸੀਲ ਪ੍ਰਧਾਨ ਉਗਰ ਸਿੰਘ ਅਗੇਤਾ ਨੇ ਕੀਤੀ, ਜਦਕਿ ਜ਼ਿਲ੍ਹਾ ਮੀਤ ਪ੍ਰਧਾਨ ਬਲਦੇਵ ਸਿੰਘ ਸੁਰਾਜਪੁਰਾ ਅਤੇ ਪੰਜਾਬ ਬਾਡੀ ਮੈਂਬਰ ਜਸਦੇਵ ਸਿੰਘ ਅਗੇਤੀ ਖ਼ਾਸ ਤੌਰ 'ਤੇ ਹਾਜ਼ਰ ਰਹੇ | ਮੀਟਿੰਗ ਦੀ ਸ਼ੁਰੂਆਤ ਮੌਕੇ ਸਵ. ਜਸਵਿੰਦਰ ਸਿੰਘ ਨੰਬਰਦਾਰ ਅਜਨੌਂਦਾ ਕਲਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੀ ਬੇਵਕਤੀ ਮੌਤ 'ਤੇ ਡੂੰਘਾ ਦੁੱਖ ਪ੍ਰਗਟਾਇਆ ਗਿਆ | ਇਸ ਮੌਕੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ | ਮੀਟਿੰਗ ਦੌਰਾਨ ਨੰਬਰਦਾਰਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਮਸਲੇ ਉਠਾਏ ਗਏ | ਬੋਲਣ ਵਾਲਿਆਂ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਅਜੇ ਤੱਕ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਗਿਆ, ਜਦਕਿ ਇਹ ਮੰਗਾਂ ਚੋਣ ਮੈਨੀਫੈਸਟੋ 'ਚ ਵੀ ਸ਼ਾਮਲ ਸਨ | ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਹੱਕ ਦਿੱਤਾ ਜਾਵੇ, ਨੰਬਰਦਾਰਾਂ ਦਾ ਮਾਣ-ਭੱਤਾ ਵਧਾ ਕੇ ਘੱਟੋ-ਘੱਟ ਪੰਜ ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ ਅਤੇ ਸਰਕਾਰੀ ਬੱਸਾਂ ਵਿਚ ਕਿਰਾਇਆ ਅਤੇ ਟੋਲ ਟੈਕਸ ਮੁਆਫ਼ ਕੀਤਾ ਜਾਵੇ | ਇਸ ਤੋਂ ਇਲਾਵਾ, ਨੰਬਰਦਾਰਾਂ ਲਈ ਤਹਿਸੀਲ ਕੰਪਲੈਕਸਾਂ ਵਿਚ ਬੈਠਕ ਲਈ ਵੱਖਰੇ ਕਮਰੇ ਮੁਹੱਈਆ ਕਰਵਾਉਣ ਅਤੇ ਜ਼ਿਲ੍ਹਾ ਪੱਧਰ ਦੀਆਂ ਸ਼ਿਕਾਇਤ ਨਿਵਾਰਨ ਕਮੇਟੀਆਂ ਵਿਚ ਉਨ੍ਹਾਂ ਨੂੰ ਸ਼ਾਮਲ ਕਰਨ ਦੀ ਵੀ ਮੰਗ ਉਠਾਈ ਗਈ | ਮੀਟਿੰਗ ਵਿਚ ਜਸਦੇਵ ਸਿੰਘ ਅਗੇਤੀ, ਗੁਰਦੇਵ ਸਿੰਘ, ਗੁਰਚਰਨ ਸਿੰਘ ਤੂੰਗਾ, ਧਰਮ ਸਿੰਘ ਧਾਰੋਕੀਂ, ਗੁਰਮਿੰਦਰ ਸਿੰਘ ਧਨੌਰੀ, ਰਣਜੀਤ ਸਿੰਘ ਮੰਡੋੜ, ਅਮਨਦੀਪ ਸਿੰਘ ਗੋਬਿੰਦਪੁਰਾ, ਕੁਲਦੀਪ ਸਿੰਘ ਬਿਨਾਹੇੜੀ, ਗੁਰਮੇਲ ਸਿੰਘ ਕਹਲੇਮਾਜਰਾ, ਉਜਾਗਰ ਸਿੰਘ ਹਿਆਣਾ ਅਤੇ ਨਾਇਬ ਸਿੰਘ ਸੰਗਤਪੁਰਾ ਸਮੇਤ ਕਈ ਨੰਬਰਦਾਰ ਹਾਜ਼ਰ ਰਹੇ |